ਅਬੂਜਾ, 12 ਅਗਸਤ – ਉੱਤਰ-ਪੱਛਮੀ ਨਾਈਜੀਰੀਆ ਦੇ ਕਦੂਨਾ ਰਾਜ ਵਿੱਚ ਨਮਾਜ਼ ਦੌਰਾਨ ਮਸਜਿਦ ਦਾ ਇੱਕ ਹਿੱਸਾ ਢਹਿ ਗਿਆ, ਜਿਸ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਸੈਂਕੜੇ ਲੋਕ ਨਮਾਜ਼ ਲਈ ਮਸਜਿਦ ਦੇ ਅੰਦਰ ਇਕੱਠੇ ਹੋਏ ਸਨ।
ਮਸਜਿਦ ਜਰੀਆ ਵਿੱਚ ਹੈ। ਇਹ ਉੱਤਰੀ ਨਾਈਜ਼ੀਰੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਸਜਿਦ 1830 ਵਿੱਚ ਬਣਾਈ ਗਈ ਸੀ।
ਰਾਜ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਮਸਜਿਦ ਦੇ ਇੱਕ ਹਿੱਸੇ ਦੇ ਢਹਿਣ ਨਾਲ 23 ਵਿਅਕਤੀ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਘਟਨਾ ਸਥਾਨ ਤੇ ਰਿਕਾਰਡ ਕੀਤੀ ਗਈ ਵੀਡੀਓ ਵਿੱਚ ਇਕ ਵੱਡਾ ਪਾੜਾ ਸਾਫ ਦਿਖਾਈ ਦੇ ਰਿਹਾ ਹੈ ਜਿੱਥੇ ਛੱਤ ਦਾ ਇਕ ਹਿੱਸਾ ਢਹਿ ਗਿਆ। ਮਸਜਿਦ ਢਹਿਣ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਦਫ਼ਨਾ ਦਿੱਤਾ ਗਿਆ ਹੈ।
ਕਦੂਨਾ ਦੇ ਗਵਰਨਰ ਉਬਾ ਸਾਨੀ ਨੇ ਹਾਦਸੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਇਸ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਦੱਸਦਿਆਂ ਉਨ੍ਹਾਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ। ਉਸਦੇ ਦਫਤਰ ਨੇ ਕਿਹਾ ਕਿ ਇੱਕ ਅਗਾਊਂ ਟੀਮ ਜ਼ਰੀਆ ਵਿੱਚ ਪਹਿਲਾਂ ਹੀ ਮੌਜੂਦ ਸੀ।