ਚੰਡੀਗੜ੍ਹ/ਜ਼ੀਰਕਪੁਰ, 12 ਅਗਸਤ 2023: ਸੁਤੰਤਰਤਾ ਦਿਵਸ ਦੇ ਜਸ਼ਨਾਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ, ਭਾਰਤੀ ਯੂਥ ਕਾਂਗਰਸ ਨੇ ਪ੍ਰੋਗਰਾਮ “ਸ਼ਕਤੀ ਸੁਪਰ ਸ਼ੀ”- ਹੱਕ ਔਰ ਹਿਸੇਦਾਰ ਪ੍ਰੋਗ੍ਰਾਮ ਸ਼ੁਰੂ ਕੀਤਾ ਹੈ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਨੂੰ ਸੰਬੋਧਨ ਕਰਦਿਆਂ, ਭਾਰਤੀ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅਲਾਵਰੂ ਨੇ ਕਿਹਾ ਕਿ 15 ਅਗਸਤ ਨੂੰ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਅਤੇ ਹਰ ਵਾਰਡ ਵਿੱਚ ਔਰਤਾਂ ਕੌਮੀ ਝੰਡਾ ਲਹਿਰਾਉਣਗੀਆਂ, ਜਿਸ ਵਿਚ ਯੂਥ ਕਾਂਗਰਸ ਉਨ੍ਹਾਂ ਦੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਪਹਿਲੀ ਵਾਰ ਹੈ ਕਿ ਯੂਥ ਕਾਂਗਰਸ ਵੱਲੋਂ ਔਰਤਾਂ ਨੂੰ ਇਹ ਮੌਕਾ ਦਿੱਤਾ ਜਾ ਰਿਹਾ ਹੈ। ਇਸਦਾ ਇੱਕੋ ਇੱਕ ਉਦੇਸ਼ ਖਾਸ ਤੌਰ ‘ਤੇ ਰਾਸ਼ਟਰੀ ਦਿਹਾੜਿਆਂ ‘ਤੇ ਔਰਤਾਂ ਦੀ ਭਾਗੀਦਾਰੀ ਨੂੰ ਵਧੇਰੇ ਸਰਗਰਮ ਬਣਾਉਣਾ ਹੈ।
ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ, ਕ੍ਰਿਸ਼ਨ ਅੱਲਾਵਾਰੂ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਵਲੋ ਯੂਥ ਕਾਂਗਰਸ ਤੋਂ ਯੁਵਾ ਗਤੀਸ਼ੀਲ ਲੀਡਰਸ਼ਿਪ ਦੀ ਤਲਾਸ਼ ਕੀਤੀ ਜਾ ਰਹੀ ਰਹੀ ਹੈ, ਪਰ ਇਸਦੀ ਪ੍ਰਾਪਤੀ ਲਈ ਆਪ ਸਭ ਨੂੰ ਮੈਦਾਨ ਵਿੱਚ ਨਿੱਤਰ ਕੇ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਨੁਮਾਇੰਦਿਆਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਲੋਕਾਂ ਨਾਲ ਜੁੜਨ ਅਤੇ ਜ਼ਮੀਨੀ ਪੱਧਰ ’ਤੇ ਸੰਪਰਕ ਕਾਇਮ ਰੱਖਣ ਦੀ ਅਪੀਲ ਵੀ ਕੀਤੀ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੌਜਵਾਨਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ, ਯੂਥ ਕਾਂਗਰਸ ਵਿੱਚ ਆਪਣੇ ਦਿਨਾਂ ਨੂੰ ਯਾਦ ਕੀਤਾ। ਜਦੋਂ ਉਨ੍ਹਾਂ ਨੂੰ ਲੀਡਰਸ਼ਿਪ ਲਈ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ ਸਨ ਅਤੇ ਉਨ੍ਹਾਂ ਨੇ ਪਾਰਟੀ ਦੇ ਅਨੁਸ਼ਾਸਨ ਵਿੱਚ ਰਹਿ ਕੇ ਸਿਆਸੀ ਖੇਤਰ ਵਿੱਚ ਕਿਵੇਂ ਤਰੱਕੀ ਕੀਤੀ।
ਇਸ ਦੌਰਾਨ ਲੀਡਰਸ਼ਿਪ ਦਾ ਸਵਾਗਤ ਕਰਦਿਆਂ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਯੂਥ ਕਾਂਗਰਸ ਸ਼੍ਰੀ ਰਾਹੁਲ ਗਾਂਧੀ ਦੀ ਯੋਗ ਅਗਵਾਈ ਹੇਠ ਆਉਣ ਵਾਲੀਆਂ ਮਿਉਂਸਪਲ ਚੋਣਾਂ ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਇੱਕਜੁੱਟ ਹੋ ਕੇ ਕੰਮ ਕਰੇਗੀ। ਉਨ੍ਹਾਂ ਸਮੁੱਚੀ ਟੀਮ ਨੂੰ ਸਹਿਯੋਗ ਦੇਣ ਲਈ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਯੂਥ ਕਾਂਗਰਸ ਦਾ ਅਗਲਾ ਜੋ ਵੀ ਪ੍ਰੋਗਰਾਮ ਹੋਵੇਗਾ, ਉਹ ਜਥੇਬੰਦੀ ਦੇ ਹਰੇਕ ਵਰਕਰ ਨਾਲ ਸਲਾਹ ਕਰਕੇ ਹੀ ਕੀਤਾ ਜਾਵੇਗਾ।