ਮੋਹਾਲੀ, 24 ਜੂਨ 2020: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਥਾਨਕ ਪਿੰਡ ਕੰਡਾਲਾ ਦੀ ਗ੍ਰਾਮ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਲਗਭਗ ਸਵਾ ਤਿੰਨ ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿਤੇ। ਇਸ ਮੌਕੇ ਸ. ਸਿੱਧੂ ਨੇ ਦਸਿਆ ਕਿ ਪਿੰਡ ਦੀ ਪੰਚਾਇਤ ਨੇ ਪਿੰਡ ਵਾਸਤੇ ਪਾਣੀ ਦਾ ਟੈਂਕਰ ਖ਼ਰੀਦਣ ਦੀ ਮੰਗ ਕੀਤੀ ਸੀ ਜਿਸ ਵਾਸਤੇ 80 ਹਜ਼ਾਰ ਰੁਪਏ ਦਾ ਚੈੱਕ ਦਿਤਾ ਗਿਆ ਹੈ ਜਦਕਿ ਪਿੰਡ ਵਿਚ ਸਟਰੀਟ ਲਾਈਟਾਂ ਲਗਾਉਣ ਲਈ 2.46 ਲੱਖ ਰੁਪਏ ਦਾ ਚੈੱਕ ਦਿਤਾ ਗਿਆ ਹੈ। ਉਨ•ਾਂ ਕਿਹਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਵਿਆਹ, ਸ਼ਾਦੀ, ਮਰਗਤ ਜਾਂ ਕਿਸੇ ਹੋਰ ਸਮਾਗਮ ਲਈ ਪਾਣੀ ਦਾ ਟੈਂਕਰ ਵਰਤ ਸਕਦਾ ਹੈ। ਟੈਂਕਰ ਨੂੰ ਪਿੰਡ ਦੇ ਸਾਂਝੇ ਸਮਾਗਮਾਂ ਲਈ ਵੀ ਵਰਤਿਆ ਜਾ ਸਕੇਗਾ। ਉਨ•ਾਂ ਕਿਹਾ ਕਿ ਪਿੰਡ ਵਿਚ ਸਟਰੀਟ ਲਾਈਟਾਂ ਲਾਉਣ ਦੀ ਚਿਰੋਕਣੀ ਮੰਗ ਵੀ ਪੂਰੀ ਕਰ ਦਿਤੀ ਗਈ ਹੈ ਅਤੇ ਅਧਿਕਾਰੀਆਂ ਨੂੰ ਲਾਈਟਾਂ ਲਾਉਣ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਆਖਿਆ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਹਲਕਾ ਮੋਹਾਲੀ ਦੇ ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਹੁਣ ਤਕ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿਤੀਆਂ ਜਾ ਚੁਕੀਆਂ ਹਨ ਅਤੇ ਵਿਕਾਸ ਕਾਰਜਾਂ ਲਈ ਫ਼ੰਡ ਦੇਣ ਦਾ ਅਮਲ ਇਸੇ ਤਰ•ਾਂ ਜਾਰੀ ਰਹੇਗਾ। ਉਨ•ਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੂਰੀ ਤਨਦੇਹੀ ਅਤੇ ਗੰਭੀਰਤਾ ਨਾਲ ਵਿਕਾਸ ਕਾਰਜ ਕਰਵਾ ਰਹੀ ਹੈ।
ਇਸ ਮੌਕੇ ਪਿੰਡ ਦੀ ਪੰਚਾਇਤ ਨੇ ਸਿਹਤ ਮੰਤਰੀ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਸ. ਸਿੱਧੂ ਦੀ ਸੁਚੱਜੀ ਅਗਵਾਈ ਹੇਠ ਮੋਹਾਲੀ ਹਲਕੇ ਦੇ ਪਿੰਡਾਂ ਦਾ ਚੌਤਰਫ਼ਾ ਵਿਕਾਸ ਹੋ ਰਿਹਾ ਹੈ। ਪਿੰਡ ਦੀ ਸਰਪੰਚ ਬਿਮਲਾ ਦੇਵੀ ਨੇ ਆਖਿਆ ਕਿ ਪਿੰਡ ਵਿਚ ਪਾਣੀ ਦਾ ਟੈਂਕਰ ਆਉਣ ਅਤੇ ਗਲੀਆਂ ਵਿਚ ਸਟਰੀਟ ਲਾਈਟਾਂ ਲੱਗਣ ਨਾਲ ਪਿੰਡ ਵਾਸੀਆਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ ਜਿਸ ਲਈ ਉਹ ਸ. ਬਲਬੀਰ ਸਿੰਘ ਸਿੱਧੂ ਦੇ ਅਤਿਅੰਤ ਸ਼ੁਕਰਗੁਜ਼ਾਰ ਹਨ। ਉਨ•ਾਂ ਕਿਹਾ ਕਿ ਸ. ਸਿੱਧੂ ਹਲਕੇ ਦੇ ਬਤੌਰ ਵਿਧਾਇਕ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹਲਕੇ ਦੇ ਸਾਰੇ ਪਿੰਡਾਂ ਦਾ ਲਗਾਤਾਰ ਅਤੇ ਬਰਾਬਰ ਵਿਕਾਸ ਕਰਵਾ ਰਹੇ ਹਨ ਅਤੇ ਗਰਾਂਟਾਂ ਦੀ ਵੰਡ ਕਰ ਰਹੇ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਬਿਮਲਾ ਦੇਵੀ, ਸੀਨੀਅਰ ਕਾਂਗਰਸੀ ਆਗੂ ਗੁਰਧਿਆਨ ਸਿੰਘ ਦੁਰਾਲੀ, ਬਹਾਦਰ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਸੁਖਬੀਰ ਸਿੰਘ ਪੰਚ, ਗੁਰਮੀਤ ਕੌਰ, ਸਵਰਨ ਸਿੰਘ, ਗੁਰਦੀਪ ਸਿੰਘ, ਸੁਸ਼ੀਲ ਕੁਮਾਰ, ਜਗਤਾਰ ਸਿੰਘ ਆਦਿ ਮੌਜੂਦ ਸਨ।