ਕੋਲਕਾਤਾ, 10 ਅਗਸਤ – ਈਡਨ ਗਾਰਡਨ ਦੇ ਡਰੈਸਿੰਗ ਰੂਮ ਵਿੱਚ ਬੀਤੀ ਰਾਤ ਨੂੰ ਅੱਗ ਲੱਗ ਗਈ, ਜਿਸ ਨਾਲ ਫਾਲਸ ਸੀਲਿੰਗ ਅਤੇ ਕੁਝ ਫਰਨੀਚਰ ਨੂੰ ਨੁਕਸਾਨ ਪਹੁੰਚਿਆ। ਫਾਇਰ ਬ੍ਰਿਗੇਡ ਦੇ ਸੂਤਰਾਂ ਨੇ ਦੱਸਿਆ ਕਿ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ ਦੇ ਟੀਮ ਡਰੈਸਿੰਗ ਰੂਮ ਵਿੱਚ ਬੀਤੀ ਰਾਤ ਕਰੀਬ 11.40 ਵਜੇ ਵਾਇਰਿੰਗ ਵਿੱਚ ਇੱਕ ਸ਼ੱਕੀ ਸ਼ਾਰਟ-ਸਰਕਟ ਕਾਰਨ ਅੱਗ ਫੈਲ ਗਈ।
ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਦੀ ਤਾਇਨਾਤੀ ਤੋਂ ਬਾਅਦ ਅੱਧੇ ਘੰਟੇ ਵਿੱਚ ਅੱਗ ਤੇ ਕਾਬੂ ਪਾਇਆ ਗਿਆ। ਈਡਨ ਗਾਰਡਨ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜੋ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਦੇ ਪੰਜ ਮੈਚਾਂ ਦੀ ਮੇਜ਼ਬਾਨੀ ਕਰੇਗਾ। ਪਿਛਲੇ ਹਫ਼ਤੇ ਦੇ ਅਖੀਰ ਵਿੱਚ, ਆਈ. ਸੀ. ਸੀ. ਟੀਮ ਦੇ ਮੈਂਬਰਾਂ ਦੇ ਇੱਕ ਸਮੂਹ ਨੇ ਆ ਕੇ ਇਸ ਸ਼ਾਨਦਾਰ ਸਟੇਡੀਅਮ ਦੀਆਂ ਤਿਆਰੀਆਂ ਦਾ ਮੁਆਇਨਾ ਕੀਤਾ।
ਇਸ ਮੁਆਇਨੇ ਦੇ ਬਾਅਦ ਉਨ੍ਹਾਂ ਨੇ ਪੁਰਸ਼ ਵਿਸ਼ਵ ਕੱਪ ਦੇ ਆਯੋਜਨ ਲਈ ਤਿਆਰੀਆਂ ਤੇ ਤਸੱਲੀ ਪ੍ਰਗਟਾਈ। ਡਰੈਸਿੰਗ ਰੂਮ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾਂ ਅੱਗ ਲੱਗਣ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਥਿਤੀ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।