ਕੁਇਟੋ, 10 ਅਗਸਤ – ਇਕਵਾਡੋਰ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਫਰਨਾਂਡੋ ਵਿਲਾਵਿਸੇਨਸੀਓ ਦਾ ਦੇਸ਼ ਦੀ ਰਾਜਧਾਨੀ ਕੁਇਟੋ ਵਿਚ ਇਕ ਸਿਆਸੀ ਰੈਲੀ ਦੌਰਾਨ ਬੀਤੇ ਦਿਨ ਇਕ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਇਹ ਜਾਣਕਾਰੀ ਦਿੱਤੀ। ਇਹ ਕਤਲ ਅਜਿਹੇ ਸਮੇਂ ਹੋਇਆ ਹੈ ਜਦੋਂ ਦੱਖਣੀ ਅਮਰੀਕੀ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਿੰਸਾ ਆਪਣੇ ਸਿਖਰ ਤੇ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿੱਚ ਫਰਨਾਂਡੋ ਨੂੰ ਸੁਰੱਖਿਆ ਕਰਮਚਾਰੀਆਂ ਦੇ ਘੇਰੇ ਵਿਚ ਪ੍ਰੋਗਰਾਮ ਤੋਂ ਨਿਕਲਦੇ ਹੋਏ ਦੇਖਿਆ ਗਿਆ। ਵੀਡੀਓ ਵਿੱਚ ਉਹ ਚਿੱਟੇ ਰੰਗ ਦੇ ਟਰੱਕ ਵਿੱਚ ਦਾਖਲ ਹੁੰਦੇ ਹੋਏ ਨਜ਼ਰ ਆਏ ਅਤੇ ਫਿਰ ਉਨ੍ਹਾਂ ਤੇ ਗੋਲੀਆਂ ਚੱਲਦੀਆਂ ਦੇਖੀਆਂ ਗਈਆਂ। ਫਰਨਾਂਡੋ ‘ਬਿਲਡ ਇਕਵਾਡੋਰ ਮੂਵਮੈਂਟ’ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ।
ਅਗਸਤ ਦੇ ਅਖੀਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਹ ਅੱਠ ਰਾਸ਼ਟਰਪਤੀ ਉਮੀਦਵਾਰਾਂ ਵਿੱਚੋਂ ਇੱਕ ਸੀ। ਉਹ ਵਿਆਹੇ ਹੋਏ ਸੀ ਅਤੇ ਉਸ ਦੇ ਪੰਜ ਬੱਚੇ ਹਨ। ਉਹ 2007 ਤੋਂ 2017 ਤੱਕ ਸਾਬਕਾ ਰਾਸ਼ਟਰਪਤੀ ਰਾਫੇਲ ਕੋਰਿਆ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਖ਼ਿਲਾਫ਼ ਵਿਸ਼ੇਸ਼ ਤੌਰ ਤੇ ਆਵਾਜ਼ ਉਠਾਉਂਦੇ ਰਹੇ ਸਨ। ਉਹਨਾਂ ਨੇ ਕੋਰੀਆਈ ਸਰਕਾਰ ਦੇ ਕਈ ਚੋਟੀ ਦੇ ਮੈਂਬਰਾਂ ਵਿਰੁੱਧ ਨਿਆਂਇਕ ਸ਼ਿਕਾਇਤਾਂ ਦਾਇਰ ਕੀਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਵਿੱਚ ਕਈ ਹੋਰ ਜ਼ਖਮੀ ਵੀ ਹੋਏ ਹਨ। ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ।