ਮੋਗਾ 8 ਅਗਸਤ- ਮੋਗਾ ਪੁਲੀਸ ਵਲੋਂ ਇੱਕ ਪ੍ਰਾਈਵੇਟ ਦਫਤਰ ਵਿੱਚ ਦਾਖਲ ਹੋ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲੇ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 32 ਬੋਰ ਦੀਆਂ 2 ਪਿਸਤੌਲਾਂ, 8 ਕਾਰਤੂਸ ਅਤੇ 200 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਵਨੀਤ ਸ਼ਰਮਾ ਵਾਸੀ ਮੋਗਾ ਨੇ ਸ਼ਿਕਾਇਤ ਦਿੱਤੀ ਸੀ ਕਿ ਇਹਨਾਂ ਦੋਵਾਂ ਵਲੋਂ ਉਸਦੇ ਦਫਤਰ ਵਿੱਚ ਦਾਖਿਲ ਹੋ ਕੇ ਉਸਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼ਿਕਾਇਤਕਰਤਾ ਅਨੁਸਾਰ 2 ਵਿਅਕਤੀ ਮੋਟਰਸਾਈਕਲ ਤੇ ਉਸਦੇ ਦਫਤਰ ਆਏ ਸੀ ਅਤੇ ਇਨ੍ਹਾਂ ਵਿੱਚੋਂ ਇਕ ਨੇ ਪਿਸਤੌਲ ਕੱਢ ਕੇ ਦਫ਼ਤਰ ਦੇ ਮੈਂਬਰਾਂ ਅਤੇ ਕੁੜੀਆਂ ਤੇ ਤਾਣ ਦਿੱਤੀ। ਇਸ ਵਿਅਕਤੀ ਨੇ ਫਾਇਰ ਕਰਨ ਲਈ 2 ਵਾਰ ਟ੍ਰਿਗਰ ਦਬਾਇਆ ਪਰ ਪਿਸਤੌਲ ਕਿਸੇ ਕਾਰਨ ਨਹੀਂ ਚੱਲੀ। ਇਸਤੋਂ ਬਾਅਦ ਉਸ ਦੇ ਰੌਲਾ ਪਾਉਣ ਤੇ ਦੋਵੇਂ ਵਿਅਕਤੀ ਮੋਟਰਸਾਈਕਲ ਤੇ ਫ਼ਰਾਰ ਹੋ ਗਏ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਵਲੋਂ ਸ਼ਹਿਰ ਵਿੱਚ ਨਾਕੇਬੰਦੀ ਕਰ ਦਿੱਤੀ ਗਈ ਅਤੇ ਇਸ ਦੌਰਾਨ ਮੋਗਾ-ਜਲੰਧਰ ਹਾਈਵੇਅ ਤੇ 2 ਨੌਜਵਾਨ ਭੱਜਦੇ ਹੋਏ ਦਿਖਾਈ ਦਿੱਤੇ, ਜਿਨ੍ਹਾਂ ਦੇ ਪਿੱਛੇ ਕਾਫ਼ੀ ਲੋਕ ਲੱਗੇ ਹੋਏ ਸਨ। ਪੁਲੀਸ ਨੇ ਇਹਨਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਅੰਕਿਤ ਕਾਦੀਆਂ ਵਾਸੀ ਉੱਤਰ ਪ੍ਰਦੇਸ਼ ਅਤੇ ਸੰਤੋਸ਼ ਉਰਫ਼ ਸਾਇਕ ਵਾਸੀ ਬਿਹਾਰ ਵੱਜੋਂ ਹੋਈ।
ਪੁਲੀਸ ਵਲੋਂ ਇਹਨਾਂ ਦੀ ਤਲਾਸ਼ੀ ਦੌਰਾਨ 2 ਪਿਸਤੌਲਾਂ, 8 ਕਾਰਤੂਸ ਅਤੇ 200 ਨਸ਼ੀਲੀਟਾਂ ਗੋਲੀਆਂ ਬਰਾਮਤ ਹੋਈਆਂ ਹਨ। ਪੁਲੀਸ ਅਨੁਸਾਰ ਇਹਨਾਂ ਦੋਵਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਵਨੀਤ ਕੁਮਾਰ ਦੇ ਦਫ਼ਤਰ ਵਿਖੇ ਫਾਇਰਿੰਗ ਕਰਨ ਗਏ ਸੀ ਪਰ ਪਿਸਤੌਲ ਨਾ ਚੱਲਣ ਕਾਰਨ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਹੋ ਗਈ।
ਮੋਗਾ ਦੇ ਸੀਨੀਅਰ ਕਪਤਾਨ ਨੇ ਦੱਸਿਆ ਕਿ ਫਿਲਹਾਲ ਪੁਲੀਸ ਵੱਲੋਂ ਇਹਨਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਬ੍ਰਾਮਦ ਹੋਏ ਅਸਲੇ ਅਤੇ ਕਿਹੜੀ-ਕਿਹੜੀ ਵਾਰਦਾਤ ਨੂੰ ਇਨ੍ਹਾਂ ਅੰਜਾਮ ਦੇਣਾ ਸੀ ਸਬੰਧੀ ਪੁਛਗਿੱਛ ਕੀਤੀ ਜਾਵੇਗੀ।