ਜਲੰਧਰ, 4 ਅਗਸਤ – ਜਲੰਧਰ ਦੇ ਸੰਤੋਖਪੁਰਾ ਦੇ ਵਿਨੇ ਨਗਰ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਰਾਜਿੰਦਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਨੀ ਨਾਂ ਦੇ ਨੌਜਵਾਨ ਵੱਲੋਂ ਮਾਸਟਰ ਰਾਜਿੰਦਰ ਦਾ ਕਤਲ ਕੀਤਾ ਗਿਆ ਹੈ। ਦੋਵਾਂ ਵਿਚਾਲੇ ਆਪਸੀ ਬਹਿਸ ਮਗਰੋਂ ਸੰਨੀ ਨੇ ਰਾਜਿੰਦਰ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੰਨੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਸੰਤੋਖਪੁਰਾ ਏਰੀਆ ਵਿਚ ਡਰੈਸ ਗੁਰੂ ਨਾਂ ਦੇ ਮਸ਼ਹੂਰ ਸ਼ਾਪ ਵਿਚ ਰਾਜਿੰਦਰ ਅਤੇ ਸੰਨੀ ਕੰਮ ਕਰਦੇ ਹਨ ਅਤੇ ਦੋਵੇਂ ਨੌਜਵਾਨ ਇਕੱਠੇ ਰਹਿੰਦੇ ਹਨ।
ਵਾਰਦਾਤ ਦੀ ਜਾਣਕਾਰੀ ਉਸ ਵੇਲੇ ਪ੍ਰਾਪਤ ਹੋਈ ਜਦੋਂ ਦੁਕਾਨ ਦਾ ਇੱਕ ਹੋਰ ਕਰਮਚਾਰੀ ਉਥੇ ਪਹੁੰਚਿਆ ਤਾਂ ਰਾਜਿੰਦਰ ਦੀ ਲਾਸ਼ ਖ਼ੂਨ ਨਾਲ ਲਥਪਥ ਪਈ ਸੀ। ਡਰੈਸ ਗੁਰੂ ਦੇ ਮਾਲਕ ਸਾਗਰ ਨੇ ਦੱਸਿਆ ਕਿ ਉਹ ਬੀਤੇ ਦਿਨ ਤੋਂ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਹੈ। ਉਸ ਨੂੰ ਵੀ ਸਵੇਰੇ ਵਾਰਦਾਤ ਦੀ ਜਾਣਕਾਰੀ ਦਿੱਤੀ ਗਈ। ਰਾਜਿੰਦਰ ਇਕ ਮਹੀਨਾ ਪਹਿਲਾਂ ਹੀ ਉਸ ਦੀ ਦੁਕਾਨ ਤੇ ਕੰਮ ਉਤੇ ਲੱਗਾ ਸੀ। ਉਥੇ ਹੀ ਸੰਨੀ ਫਰਾਰ ਦੱਸਿਆ ਜਾ ਰਿਹਾ ਹੈ। ਮੌਕੇ ਉਤੇ ਪਹੁੰਚੀ ਰਾਮਾਮੰਡੀ ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।