ਸਿੰਘੁ ਬਾਰਡਰ – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵਿੱਢੀ ਗਈ”ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ” ਤਹਿਤ ਅੱਜ 250 ਟਰਾਲੀਆਂ, 20 ਬੱਸਾਂ, 35 ਟਰੱਕ/ਟਰਾਲੇ/ਕੈਂਟਰਾਂ ਅਤੇ 200 ਤੋਂ ਵੱਧ ਦਰਮਿਆਨੀਆਂ ਤੇ ਛੋਟੀਆਂ ਗੱਡੀਆਂ ‘ਤੇ ਸਵਾਰ10000 ਤੋਂ ਵੱਧ ਕਿਸਾਨਾਂ ਮਜਦੂਰਾਂ ਔਰਤਾਂ ਨੌਜਵਾਨਾਂ ਦਾ ਕਾਫ਼ਲਾ ਡੱਬਵਾਲੀ ਬਾਡਰ ਤੋਂ ਦਿੱਲੀ ਵੱਲ ਰਵਾਨਾ ਹੋਇਆ। ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਜਗਦੇਵ ਸਿੰਘ ਜੋਗੇਵਾਲਾ, ਕੁਲਵੰਤ ਰਾਏ ਸ਼ਰਮਾ, ਲਛਮਣ ਸਿੰਘ ਸੇਵੇਵਾਲਾ, ਮਲਕੀਤ ਸਿੰਘ ਗੱਗੜ, ਭੁਪਿੰਦਰ ਸਿੰਘ ਚੰਨੂ, ਹਰਪਾਲ ਸਿੰਘ ਕਿਲਿਆਂਵਾਲੀ, ਜਗਦੀਪ ਸਿੰਘ ਖੁੱਡੀਆਂ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਗੂ ਜਸਵਿੰਦਰ ਸਿੰਘ, ਰਵਿੰਦਰ ਸਿੰਘ ਚਾਹਲ, ਪਵਨ ਕੁਮਾਰ ਗੜਵਾਲ ਅਤੇ ਬੰਟੀ ਗੜਵਾਲ ਸ਼ਾਮਲ ਸਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 5 ਵਜੇ ਤੱਕ ਫਤਿਹਾਬਾਦ ਪਹੁੰਚ ਕੇ 1000 ਤੋਂ ਵੱਧ ਹਰਿਆਣਵੀ ਕਿਸਾਨਾਂ ਨਾਲ ਸਾਂਝੀ ਰੈਲੀ ਕੀਤੀ ਗਈ।ਰੈਲੀ ਦੀ ਸ਼ੁਰੂਆਤ ਦੋ ਮਿੰਟ ਦਾ ਮੌਨ ਧਾਰ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਰਾਹੀਂ ਕੀਤੀ ਗਈ। ਰਾਤ ਵੀ ਉੱਥੇ ਹੀ ਠਹਿਰਨ ਦਾ ਪੂਰਾ ਪ੍ਰਬੰਧ ਹਰਿਆਣਾ ਵਾਸੀਆਂ ਨੇ ਕੀਤਾ ਹੋਇਆ ਸੀ। ਬੁਲਾਰਿਆਂ ਨੇ ਮੋਦੀ ਹਕੂਮਤ ਉੱਤੇ ਕਾਰਪੋਰੇਟਾਂ ਦੀ ਸੇਵਾਦਾਰ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਨੂੰਨ ਮੜ੍ਹਨ ਲਈ ਬੇਬੁਨਿਆਦ ਜ਼ਿੱਦ ਫੜੀ ਬੈਠੀ ਹੈ। ਕਾਰਪੋਰੇਟਾਂ ਦੇ ਵਾਰੇ ਨਿਆਰੇ ਅਤੇ ਕਿਸਾਨਾਂ ਦੀ ਬਰਬਾਦੀ ਕਰਨ ਵਾਲੇ ਕਾਲੇ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕੜਾਕੇ ਦੀ ਠੰਢ ਅਤੇ ਗਹਿਰੀ ਧੁੰਦ ਵਿੱਚ ਵੀ ਦਿੱਲੀ ਦੀਆਂ ਬਰੂਹਾਂ ‘ਤੇ ਲੱਖਾਂ ਦੀ ਤਾਦਾਦ ਵਿੱਚ ਦਿਨੇ ਰਾਤ ਸ਼ਾਂਤਮਈ ਮੋਰਚੇ ‘ਚ ਮਹੀਨੇ ਭਰ ਤੋਂ ਡਟੇ ਹੋਏ ਮਰਦ, ਔਰਤਾਂ,ਨੌਜਵਾਨ ਤੇ ਬੱਚੇ ਬੁੱਢੇ ਕਿਸਾਨਾਂ ਮਜਦੂਰਾਂ ਅਤੇ ਹਜ਼ਾਰਾਂ ਹਮਾਇਤੀ ਲੋਕਾਂ ਦੀ ਹੱਕੀ ਆਵਾਜ਼ ਨੂੰ ਅਣਸੁਣੀ ਕੀਤਾ ਜਾ ਰਿਹਾ ਹੈ। ਇਸ ਜ਼ਾਲਮ ਵਤੀਰੇ ਕਾਰਨ ਹੁਣ ਤੱਕ 50 ਤੋਂ ਵੱਧ ਕਿਸਾਨਾਂ, ਮਜਦੂਰਾਂ, ਔਰਤਾਂ ਤੇ ਨੌਜਵਾਨਾਂ ਦੀ ਬਲੀ ਲਈ ਜਾ ਚੁੱਕੀ ਹੈ ਅਤੇ ਹਰ ਰੋਜ਼ ਹੋਰ ਕੀਮਤੀ ਜਾਨਾਂ ਕੁਰਬਾਨ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਸਰਕਾਰੀ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦਾ ਅਤੇ ਕਿਸਾਨਾਂ ਦਾ ਹੱਕੀ ਪੱਖ ਪੇਸ਼ ਕਰਦਾ ਹਿੰਦੀ ਵਿੱਚ ਛਾਪਿਆ ਹੱਥ ਪਰਚਾ ਅੱਜ ਇੱਥੇ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਵੰਡਿਆ ਗਿਆ ਅਤੇ ਬਾਕੀ ਦਾ ਦਿੱਲੀ ਮੋਰਚੇ ਵਿੱਚ ਵੰਡਿਆ ਜਾਵੇਗਾ। ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜ ਮਹੀਨੇ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਰਿਆਣਾ, ਰਾਜਿਸਥਾਨ ਤੇ ਯੂ ਪੀ ਵਿੱਚ ਦੀ ਹੁੰਦਾ ਹੋਇਆ ਅੱਜ ਪੂਰੇ ਭਾਰਤ ਦੇ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਹੈ।ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਆਦਿ ਰਾਜਾਂ ਤੋਂ ਵੀ ਕਿਸਾਨ ਲਸ਼ਕਰ ਦਿੱਲੀ ਵੱਲੀਂ ਕੂਚ ਕਰ ਚੁੱਕੇ ਹਨ। ਇਸ ਦੇਸ਼ਵਿਆਪੀ ਸ਼ਾਂਤਮਈ ਅੰਦੋਲਨ ਦਾ ਚੋਟ ਨਿਸ਼ਾਨਾ ਮੋਦੀ ਹਕੂਮਤ ਦੇ ਬਰਾਬਰ ਹੀ ਅਡਾਨੀ ਅੰਬਾਨੀ ਤੇ ਹੋਰ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਰੱਤ ਨਿਚੋੜ ਕਾਰੋਬਾਰ ਵੀ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਕੱਲ੍ਹ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਦੇ ਘਰ ਅੱਗੇ ਸ਼ੁਰੂ ਕੀਤੇ ਧਰਨੇ ਸਮੇਤ ਪੰਜਾਬ ‘ਚ ਇਸ ਮੌਕੇ 10 ਭਾਜਪਾ ਆਗੂਆਂ ਅਤੇ 31 ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਜਥੇਬੰਦੀ ਵੱਲੋਂ 88 ਦਿਨਾਂ ਤੋਂ ਲਗਾਤਾਰ ਦਿਨ ਰਾਤ ਜਾਰੀ ਹਨ। ਪੂਰੇ ਭਾਰਤ ਵਿੱਚ ਟੌਲ ਪਲਾਜੇ ਬੰਦ ਕਰਨ ਦਾ ਸੱਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਜਾ ਚੁੱਕਾ ਹੈ। ਚੋਣ ਦੌਰਿਆਂ ‘ਤੇ ਆ ਰਹੇ ਭਾਜਪਾ ਆਗੂਆਂ ਦੇ ਘਿਰਾਓ ਵੀ ਸ਼ਹਿਰ ਸ਼ਹਿਰ ਕੀਤੇ ਜਾ ਰਹੇ ਹਨ। ਬਠਿੰਡਾ ਵਿਖੇ ਅਜਿਹਾ ਘਿਰਾਓ ਕਰਨ ਵਾਲੇ 30 ਕਿਸਾਨਾਂ ਵਿਰੁੱਧ ਅਣਪਛਾਤੇ ਕਹਿ ਕੇ ਪਰਚਾ ਦਰਜ ਕਰਨ ਦੀ ਬੁਲਾਰਿਆਂ ਨੇ ਸਖ਼ਤ ਨਿਖੇਧੀ ਕੀਤੀ ਅਤੇ ਪਰਚਾ ਰੱਦ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਅੱਜ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਖਾਲੀ ਥਾਲ਼ੀਆਂ ਖੜਕਾਉਣ ਅਤੇ ਨਾਹਰੇ ਗੁੰਜਾਊ ਰੋਸ ਪ੍ਰਦਰਸ਼ਨਾਂ ਰਾਹੀਂ ਮੋਦੀ ਦੇ ‘ਮਨ ਕੀ ਬਾਤ‘ ਢਕਵੰਜ ਦਾ ਤਿੱਖਾ ਵਿਰੋਧ ਕੀਤਾ ਗਿਆ। ਪਾਣੀਆਂ ਵਰਗੇ ਆਪਸੀ ਸਹਿਮਤੀ ਨਾਲ ਹੱਲ ਹੋਣ ਵਰਗੇ ਕਿਸਾਨੀ ਮੁੱਦੇ ਨੂੰ ਹਰਿਆਣਾ ਭਾਜਪਾ ਵੱਲੋਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ‘ਚ ਪਾਟਕ ਪਾਊ ਹਥਿਆਰ ਵਜੋਂ ਵਰਤਣ ਦੇ ਕਮੀਨੇ ਯਤਨਾਂ ਦੀ ਸਖ਼ਤ ਨਿਖੇਧੀ ਕਰਦੇ ਹੋਏ ਇਹਨਾਂ ਯਤਨਾਂ ਨੂੰ ਹਰਿਆਣੇ ਦੇ ਕਿਸਾਨਾਂ ਵੱਲੋਂ ਦੋ ਟੁਕ ਰੱਦ ਕਰਨ ਦੀ ਬੁਲਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। “ਅਮਰ ਸ਼ਹੀਦਾਂ ਦਾ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ” “ਸ਼ਹੀਦੋ ਥੋਡਾ ਕਾਜ ਅਧੂਰਾ,ਲਾ ਕੇ ਜਿੰਦਗੀਆਂ ਕਰਾਂਗੇ ਪੂਰਾ” ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਆਪਾਵਾਰੂ ਭਾਵਨਾ ਦੀ ਜੈ-ਜੈਕਾਰ ਕਰਦਿਆਂ ਉਹਨਾਂ ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਕੀਤਾ ਗਿਆ ਤੇ ਮੁਕੰਮਲ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਅੈਲਾਨ ਕੀਤਾ ਗਿਆ।