ਨਵੀਂ ਦਿੱਲੀ, 25 ਜੁਲਾਈ –ਏਅਰ ਹੋਸਟੈੱਸ ਗੀਤਿਕਾ ਸ਼ਰਮਾ ਖੁਦਕੁਸ਼ੀ ਕੇਸ ਵਿਚ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਵਿਚ ਗੋਪਾਲ ਕਾਂਡਾ ਨੂੰ ਬਰੀ ਕਰ ਦਿੱਤਾ ਹੈ। ਗੋਪਾਲ ਕਾਂਡਾ ਇਸ ਮਾਮਲੇ ਵਿਚ ਮੁੱਖ ਦੋਸ਼ੀ ਸੀ। ਵਿਸ਼ੇਸ਼ ਜੱਜ ਵਿਕਾਸ ਢੁੱਲ ਨੇ ਇਸ ਕੇਸ ਵਿਚ ਸਹਿ-ਦੋਸ਼ੀ ਅਰੁਣਾ ਚੱਢਾ ਨੂੰ ਵੀ ਬਰੀ ਕਰ ਦਿੱਤਾ। ਜੱਜ ਨੇ ਕਿਹਾ ਕਿ ਇਸਤਗਾਸਾ ਪੱਖ ਦੋਸ਼ਾਂ ਨੂੰ ਸਾਬਤ ਕਰਨ ਵਿਚ ਅਸਫਲ ਰਿਹਾ ਹੈ। ਮੁਲਜ਼ਮਾਂ ਤੇ ਆਈ ਪੀ ਸੀ ਦੀਆਂ ਧਾਰਾਵਾਂ 306 (ਖੁਦਕੁਸ਼ੀ ਲਈ ਉਕਸਾਉਣਾ), 506 (ਅਪਰਾਧਿਕ ਧਮਕੀ), 201 (ਸਬੂਤ ਨੂੰ ਨਸ਼ਟ ਕਰਨਾ), 120 ਬੀ (ਅਪਰਾਧਿਕ ਸਾਜ਼ਿਸ਼) ਅਤੇ 466 (ਜਾਅਲਸਾਜ਼ੀ) ਦੇ ਤਹਿਤ ਦੋਸ਼ ਲਗਾਏ ਗਏ ਸਨ।
ਹਰਿਆਣਾ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਦੀ ਏਅਰਲਾਈਜ਼ ਵਿਚ ਏਅਰ ਹੋਸਟੈੱਸ ਦੇ ਤੌਰ ਤੇ ਕੰਮ ਕਰ ਚੁੱਕੀ ਗੀਤਿਕਾ ਨੇ 5 ਅਗਸਤ, 2012 ਨੂੰ ਦਿੱਲੀ ਦੇ ਅਸ਼ੋਕ ਵਿਹਾਰ ਵਿਚ ਆਪਣੇ ਘਰ ਖ਼ੁਦਕੁਸ਼ੀ ਕਰ ਲਈ ਸੀ। ਉਸ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਸੀ, ਜਿਸ ਵਿਚ ਉਸ ਨੇ ਇਸ ਕਦਮ ਲਈ ਕਾਂਡਾ ਅਤੇ ਉਸ ਦੀ ਕੰਪਨੀ ਦੇ ਸੀਨੀਅਰ ਮੈਨੇਜਰ ਅਰੁਣਾ ਚੱਢਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਗੀਤਿਕਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਗੋਪਾਲ ਕਾਂਡਾ ਦੇ ਜ਼ੁਲਮ ਦੇ ਚੱਲਦੇ ਧੀ ਨੇ ਅਜਿਹਾ ਫ਼ੈਸਲਾ ਲਿਆ। ਗੀਤਿਕਾ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੈ ਕਾਂਡਾ ਨੂੰ 8 ਮਹੀਨਿਆਂ ਤੱਕ ਜੇਲ੍ਹ ਵਿਚ ਰਹਿਣ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਾਰਚ 2014 ਵਿਚ ਜ਼ਮਾਨਤ ਮਿਲ ਗਈ। ਇਹ ਜ਼ਮਾਨਤ ਕਾਂਡਾ ਨੂੰ ਉਨ੍ਹਾਂ ਦੇ ਸਹਿ ਦੋਸ਼ੀ ਅਰੁਣਾ ਚੱਢਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ ਦੇ ਆਧਾਰ ਤੇ ਮਿਲੀ ਸੀ।
ਗੀਤਿਕਾ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਗੋਪਾਲ ਕਾਂਡਾ ਵਰਗਾ ਬੇਸ਼ਰਮ ਵਿਅਕਤੀ ਨਹੀਂ ਦੇਖਿਆ, ਉਹ ਹਮੇਸ਼ਾ ਝੂਠ ਬੋਲਦਾ ਹੈ। ਗੀਤਿਕਾ ਸ਼ਰਮਾ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਕਿ ਗੋਪਾਲ ਕਾਂਡਾ ਧੋਖੇਬਾਜ਼ ਹੈ ਅਤੇ ਹਮੇਸ਼ਾ ਕੁੜੀਆ ਤੇ ਗਲਤ ਨਜ਼ਰ ਰੱਖਦਾ ਹੈ। ਉਸ ਨੂੰ ਕੁੜੀਆਂ ਨੂੰ ਤੰਗ ਕਰਨ ਦੀ ਆਦਤ ਹੈ। ਉਹ ਹਮੇਸ਼ਾ ਕੁੜੀਆਂ ਦੀ ਭਾਲ ਵਿਚ ਰਹਿੰਦਾ ਹੈ। ਗੋਪਾਲ ਕਾਂਡਾ ਤੋਂ ਇਲਾਵਾ ਗੀਤਿਕਾ ਨੇ ਆਪਣੇ ਸੁਸਾਈਡ ਨੋਟ ਵਿਚ ਕੰਪਨੀ ਦੇ ਮੈਨੇਜਰ ਅਰੁਣਾ ਚੱਢਾ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਸੀ। ਸ਼ਰਮਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਕਾਂਡਾ ਨੂੰ ਹਰਿਆਣਾ ਦੇ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।