ਹਾਰਬਿਨ, 24 ਜੁਲਾਈ -ਚੀਨ ਦੇ ਹੀਲੋਂਗਜਿਆਂਗ ਸੂਬੇ ਦੇ ਕਿਕੀਹਾਰ ਸ਼ਹਿਰ ਵਿੱਚ ਇੱਕ ਸਕੂਲ ਦੇ ਜਿੰਮ (ਗੇਮਨੳਸਿੁਮ) ਦੀ ਛੱਤ ਡਿੱਗਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਲੌਂਗਸ਼ਾ ਜ਼ਿਲ੍ਹੇ ਦੇ ਨੰਬਰ 34 ਮਿਡਲ ਸਕੂਲ ਵਿਚ ਕਰੀਬ 1,200 ਵਰਗ ਮੀਟਰ ਦੇ ਖੇਤਰ ਵਿਚ ਬਣੇ ਜਿੰਮ ਦੀ ਛੱਤ ਬੀਤੇ ਦਿਨ ਜਦੋਂ ਡਿੱਗੀ, ਉਸ ਸਮੇਂ ਉਸ ਵਿਚ 19 ਲੋਕ ਮੌਜੂਦ ਸਨ। ਮਿਊਂਸੀਪਲ ਕਾਰਪੋਰੇਸ਼ਨ ਸਰਚ ਐਂਡ ਰੈਸਕਿਊ ਹੈਡਕੁਆਰਟਰ ਨੇ ਦੱਸਿਆ ਕਿ ਹਾਦਸੇ ਵਿਚ 4 ਲੋਕ ਵਾਲ-ਵਾਲ ਬਚ ਗਏ, ਪਰ 15 ਲੋਕ ਫਸ ਗਏ।
ਇਕ ਸਰਕਾਰੀ ਸਮਾਚਾਰ ਏਜੰਸੀ ਨੇ ਅੱਜ ਦੱਸਿਆ ਕਿ ਹੁਣ ਤੱਕ 13 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿਚੋਂ 3 ਮ੍ਰਿਤਕ ਪਾਏ ਗਏ ਅਤੇ 6 ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੇੜੇ ਹੀ ਇਕ ਹੋਰ ਵਿਦਿਅਕ ਇਮਾਰਤ ਦੀ ਉਸਾਰੀ ਕਰ ਰਹੇ ਕਾਮਿਆਂ ਨੇ ਜਿੰਮ ਦੀ ਛੱਤ ਤੇ ਗੈਰ-ਕਾਨੂੰਨੀ ਤੌਰ ਤੇ ਪਰਲਾਈਟ ਰੱਖੀ ਹੋਈ ਸੀ ਅਤੇ ਮੀਂਹ ਦੌਰਾਨ ਪਾਣੀ ਸੋਖਣ ਕਾਰਨ ਇਸ ਦਾ ਭਾਰ ਵਧ ਗਿਆ ਸੀ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਨੇ ਦੱਸਿਆ ਕਿ ਨਿਰਮਾਣ ਕੰਪਨੀ ਦੇ ਇੰਚਾਰਜ ਨੂੰ ਪੁਲੀਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।