ਜਕਾਰਤਾ, 24 ਜੁਲਾਈ – ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਨੇੜੇ ਇਕ ਕਿਸ਼ਤੀ ਪਲਟਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 19 ਲਾਪਤਾ ਹਨ। ਬਚਾਅ ਕਰਮਚਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਬੁਟਨ ਖੋਜ ਅਤੇ ਬਚਾਅ ਮੁਹਿੰਮ ਦੇ ਮੁਖੀ ਮੁਹੰਮਦ ਅਰਾਫਾਹ ਨੇ ਦੱਸਿਆ ਕਿ ਕਿਸ਼ਤੀ ਬੁਟਨ ਸੈਂਟਰਲ ਰੀਜੈਂਸੀ ਦੇ ਲੈਂਟੋ ਪਿੰਡ ਤੋਂ ਦੱਖਣ-ਪੂਰਬੀ ਸੁਲਾਵੇਸੀ ਸੂਬੇ ਦੇ ਲਾਗੀ ਪਿੰਡ ਜਾ ਰਹੀ ਸੀ।
ਲੱਕੜ ਦੀ ਕਿਸ਼ਤੀ ਵਿੱਚ 20 ਲੋਕਾਂ ਦੇ ਬੈਠਣ ਦੀ ਸਮਰੱਥਾ ਸੀ, ਪਰ ਇਸ ਵਿੱਚ 40 ਲੋਕ ਸਵਾਰ ਸਨ। ਅਰਾਫਾਹ ਨੇ ਕਿਹਾ ਕਿ ਬਚਾਅ ਕਰਤਾ 19 ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ ਅਤੇ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਛੇ ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਲਈ ਤਿੰਨ ਰਬੜ ਦੀਆਂ ਕਿਸ਼ਤੀਆਂ, ਦੋ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਅਤੇ ਛੇ ਗੋਤਾਖੋਰ ਤਾਇਨਾਤ ਕੀਤੇ ਗਏ ਹਨ।