ਜੰਮੂ, 18 ਜੁਲਾਈ – ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ਵਿਚ ਮੰਗਲਵਾਰ ਨੂੰ 4 ਅੱਤਵਾਦੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਅਤੇ ਪੁਲੀਸ ਨੇ ਕੱਲ੍ਹ ਰਾਤ ਸੁਰਨਕੋਟ ਦੇ ਸਿੰਧਰਾ ਟਾਪ ਇਲਾਕੇ ਵਿਚ ਇਕ ਸਾਂਝੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਮੁਕਾਬਲਾ ਛਿੜ ਗਿਆ। ਜੰਮੂ ਖੇਤਰ ਦੇ ਐਡੀਸ਼ਨਲ ਪੁਲੀਸ ਜਨਰਲ ਡਾਇਰੈਕਟਰ (ਏ.ਡੀ.ਜੀ.ਪੀ.) ਮੁਕੇਸ਼ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਮੁਕਾਬਲਾ ਮੁੜ ਸ਼ੁਰੂ ਹੋਇਆ, ਜਿਸ ਵਿਚ 4 ਅੱਤਵਾਦੀ ਮਾਰੇ ਗਏ।
ਵ੍ਹਾਈਟ ਨਾਈਟ ਕਾਪਰਜ਼ ਨੇ ਟਵੀਟ ਕੀਤਾ,’ਆਪਰੇਸ਼ਨ ਤ੍ਰਿਨੇਤz ਦੂਜੇ। ਖੁਫ਼ੀਆ ਜਾਣਕਾਰੀ ਦੇ ਆਧਾਰ ਤੇ ਘੇਰਾਬੰਦੀ ਕੀਤੀ ਗਈ ਅਤੇ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ। ਪੁੰਛ ਜ਼ਿਲ੍ਹੇ ਦੀ ਸੁਰਨਕੋਟ ਤਹਿਸੀਲ ਦੇ ਸਿੰਧਰਾ ਅਤੇ ਮੈਦਾਨਾ ਪਿੰਡਾਂ ਕੋਲ ਭਾਰਤੀ ਥਲ ਸੈਨਾ ਅਤੇ ਜੰਮੂ ਕਸ਼ਮੀਰ ਪੁਲੀਸ ਦੀ ਇਕ ਸਾਂਝੀ ਮੁਹਿੰਮ ਵਿਚ ਚਾਰ ਅੱਤਵਾਦੀ ਮਾਰੇ ਗਏ।’ ‘ਵ੍ਹਾਈਟ ਨਾਈਟ ਕਾਪਰਜ਼ ਨੇ ਦੱਸਿਆ ਕਿ ਇਸ ਦੌਰਾਨ 4 ਏ.ਕੇ.-47 ਰਾਈਫ਼ਲ, 2 ਪਿਸਤੌਲ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ। ਉਸ ਨੇ ਕਿਹਾ,’ਇਨ੍ਹਾਂ ਅੱਤਵਾਦੀਆਂ ਦੀ ਮੌਤ ਨਾਲ ਰਾਜੌਰੀ ਅਤੇ ਪੁੰਛ ਇਲਾਕੇ ਵਿਚ ਵੱਡੀਆਂ ਅੱਤਵਾਦੀਆਂ ਘਟਨਾਵਾਂ ਟਲ ਗਈਆਂ ਹਨ।’ ਖੇਤਰ ਵਿਚ ਤਲਾਸ਼ ਮੁਹਿੰਮ ਅਜੇ ਜਾਰੀ ਹੈ।