ਟੋਰੰਟੋ, 19 ਜਨਵਰੀ- ਪੰਜਾਬੀਆਂ ਦੀ ਸੁਪਨਨਗਰੀ ਕਹੇ ਜਾਂਦੇ ਕੈਨੇਡਾ ਵਿੱਚ ਇਸ ਵਾਰ ਪੈ ਰਹੀ ਕੜਾਕੇ ਦੀ ਠੰਡ ਅਤੇ ਭਾਰੀ ਬਰਫਬਾਰੀ ਕਾਰਨ ਜਨ ਜੀਵਨ ਪੂਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ। ਜਿੱਥੇ ਇੱਕ ਪਾਸੇ ਜਵਾਨ ਇਸ ਮੌਸਮ ਦਾ ਲੁਤਫ ਉਠਾਉਂਦੇ ਵੇੇਖੇ ਜਾ ਸਕਦੇ ਹਨ ਉੱਥੇ ਕੜਾਕੇ ਦੀ ਠੰਡ ਅਤੇ ਭਾਰੀ ਬਰਫਬਾਰੀ ਬੱਚਿਆਂ ਅਤੇ ਬਜੁਰਗਾਂ ਲਈ ਮੁਸੀਬਤ ਬਣ ਗਈ ਹੈ ਅਤੇ ਵੱਡੀ ਗਿਣਤੀ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹਨ, ਜਿਸ ਕਰਕੇ ਉਹਨਾ ਦੇ ਕੰਮ ਕਾਜ ਪ੍ਰਭਾਵਿਤ ਹੋ ਰਹੇ ਹਨ।
ਕੈਨੈਡਾ ਵਿੱਚ ਪੈ ਰਹੀ ਭਾਰੀ ਬਰਫਬਾਰੀ ਅਤੇ ਠੰਡ ਕਾਰਨ ਵੱਡੀ ਗਿਣਤੀ ਲੋਕਾਂ ਦੇ ਕੰਮ ਘੱਟ ਗਏ ਹਨ, ਜਿਸ ਕਾਰਨ ਉਹਨਾਂ ਦੀ ਆਮਦਨੀ ਘੱਟ ਗਈ ਹੈ, ਪਰ ਖਰਚੇ ਪਹਿਲਾਂ ਵਾਂਗ ਵੱਧ ਰਹੇ ਹਨ, ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਵਿੱਚ ਵਸੇ ਪੰਜਾਬੀਆਂ ਦਾ ਕਹਿਣਾ ਹੈ ਕਿ ਭਾਰੀ ਬਰਫਬਾਰੀ ਅਤੇ ਕੜਾਕੇ ਦੀ ਠੰਡ ਵਿੱਚ ਆਪੋ ਆਪਣੇ ਕੰਮਾਂ ਅਤੇ ਨੌਕਰੀਆਂ ਤੇ ਪਹੁੰਚਣ ਲਈ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਫ ਵਿੱਚ ਵਾਹਨ ਚਲਾਉਣਾ ਕਿਸੇ ਖਤਰੇ ਤੋਂ ਖਾਲੀ ਨਹੀਂ ਹੁੰਦਾ ਪਰ ਰੁਜਗਾਰ ਖਾਤਰ ਕੈਨੇਡਾ ਵਸੇ ਪੰਜਾਬੀਆਂ ਨੂੰ ਸਭ ਕੁਝ ਕਰਨਾ ਪੈਂਦਾ ਹੈ।
ਕੈਨੇਡਾ ਵਿੱਚ ਬਰਫ ਪੈਣ ਤੋਂ ਬਾਅਦ ਸੜਕਾਂ ਤੇ ਪਈ ਬਰਫ ਤਾਂ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸਾਫ ਕਰਵਾ ਦਿਤੀ ਜਾਂਦੀ ਹੈ, ਪਰ ਲੋਕਾਂ ਦੇ ਘਰਾਂ ਦੇ ਦਰਵਾਜਿਆਂ ਅੱਗੇ ਪਈ ਬਰਫ ਲੋਕਾਂ ਨੂੰ ਖੁਦ ਸਾਫ ਕਰਨੀ ਪਂੈਦੀ ਹੈ। ਬਰਫੀਲੇ ਮੌਸਮ ਵਿੱਚ ਘਰਾਂ ਦੇ ਦਰਵਾਜਿਆਂ ਅੱਗੇ ਪਈ ਬਰਫ ਚੁੱਕਣ ਤੋਂ ਬਾਅਦ ਹੀ ਘਰ ਦੇ ਦਰਵਾਜੇ ਖੁਲ ਸਕਦੇ ਹਨ ਅਤੇ ਜਰੂਰੀ ਕੰਮਾਂ ਲਈ ਲੋਕ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ।
ਕੜਾਕੇ ਦੀ ਠੰਡ ਕਾਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਦਰਿਆ ਫਰੇਜ਼ਰ ਦਾ ਪਾਣੀ ਜੰਮ ਗਿਆ ਹੈ। ਇਸੇ ਤਰਾਂ ਕੈਨੇਡਾ ਦੇ ਹੋਰਨਾਂ ਇਲਾਕਿਆਂ ਵਿੱਚ ਦਰਿਆਵਾਂ, ਨਦੀਆਂ, ਨਾਲਿਆਂ, ਝਰਨਿਆਂ ਅਤੇ ਪਾਣੀ ਦੇ ਹੋਰ ਸਰੋਤਾਂ ਦਾ ਪਾਣੀ ਜੰਮ ਕੇ ਬਰਫ ਬਣ ਗਿਆ ਹੈ। ਕੈਨੇਡਾ ਦੇ ਦਰਿਆਵਾਂ, ਨਦੀਆਂ, ਨਾਲਿਆਂ, ਝਰਨਿਆਂ ਅਤੇ ਪਾਣੀ ਦੇ ਹੋਰ ਸਰੋਤਾਂ ਦੇ ਪਾਣੀ ਦੀ ਉਤਲੀ ਤਹਿ ਜੰਮ ਜਾਣ ਕਾਰਨ ਜਿਥੇ ਪਾਣੀ ਵਿਚਲੇ ਜਲ ਜੀਵਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪਾਣੀ ਦੇ ਕੁਦਰਤੀ ਸੋਮੇ ਜੰਮ ਜਾਣ ਕਾਰਨ ਆਮ ਮਨੁੱਖਾਂ ਲਈ ਵੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ।