ਜੰਮੂ, 11 ਜੁਲਾਈ ਜੰਮੂ ਕਸ਼ਮੀਰ ਪੁਲੀਸ ਦੀ ਵਿਸ਼ੇਸ਼ ਜਾਂਚ ਇਕਾਈ (ਐਸ.ਆਈ.ਯੂ.) ਨੇ ਉਨ੍ਹਾਂ ਚਾਰ ਅੱਤਵਾਦੀਆਂ ਦੇ ਮਕਾਨਾਂ ਤੇ ਅੱਜ ਛਾਪੇਮਾਰੀ ਕੀਤੀ , ਜੋ ਸਰਹੱਦ ਪਾਰ ਤੋਂ ਸਰਗਰਮ ਹਨ ਅਤੇ ਕਿਸ਼ਤਵਾੜ ਜ਼ਿਲ੍ਹੇ ਵਿਚ ਅੱਤਵਾਦ ਦੀਆਂ ਜੜਾਂ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸ਼ਤਵਾੜ ਦੇ ਸੀਨੀਅਰ ਪੁਲੀਸ ਸੁਪਰਡੈਂਟ (ਏ.ਐਸ.ਪੀ.) ਖਲੀਲ ਅਹਿਮਦ ਪੋਸਵਾਲ ਨੇ ਦੱਸਿਆ ਕਿ ਮੁਗਲ ਮੈਦਾਨ, ਚਤਰੂ ਅਤੇ ਸਿੰਘੁਪਰਾ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਅੱਤਵਾਦ ਨਾਲ ਕਿਸੇ ਵੀ ਰੂਪ ਨਾਲ ਜੁੜੇ ਲੋਕਾਂ ਦੀ ਪਛਾਣ ਕਰ ਕੇ ਜ਼ਿਲ੍ਹੇ ਵਿਚ ਅੱਤਵਾਦ ਦੇ ਜਾਲ ਨੂੰ ਖ਼ਤਮ ਕਰਨਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਗੈਰ-ਕਾਨੂੰਨੀ ਗਤੀਵਿਧੀਆਂ ਐਕਟ ਦੇ ਅਧੀਨ ਦਰਜ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਅੱਤਵਾਦੀ ਜਮਾਲ ਦੀਨ, ਗੁਲਜ਼ਾਰ ਅਹਿਮਦ, ਸ਼ੱਬੀਰ ਅਹਿਮਦ ਅਤੇ ਗੁਲਾਬੂ ਦੇ ਘਰ ਛਾਪੇਮਾਰੀ ਕੀਤੀ ਗਈ। ਇਹ ਸਾਰੇ ਪਾਕਿਸਤਾਨ ਦੌੜ ਗਏ ਅਤੇ ਉੱਥੋਂ ਕੰਮ ਕਰ ਰਹੇ ਹਨ। ਜੰਮੂ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ 26 ਅਪ੍ਰੈਲ ਨੂੰ ਸਰਹੱਦ ਪਾਰ ਤੋਂ ਸਰਗਰਮ ਕਿਸ਼ਤਵਾੜ ਦੇ 23 ਅੱਤਵਾਦੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ 13 ਅੱਤਵਾਦੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਵਿਚ ਕਿਸ਼ਤਵਾੜ ਦੇ 36 ਲੋਕ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਬਾਅਦ ਪਾਕਿਸਤਾਨ ਚਲੇ ਗਏ। ਜਾਂਚ ਦੌਰਾਨ ਅੱਤਵਾਦੀ ਕੰਮਾਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਤੇ ਉਨ੍ਹਾਂ ਖ਼ਿਲਾਫ਼ 2 ਐਫ.ਆਈ.ਆਰ. ਦਰਜ ਕੀਤੀਆਂ ਗਈਆਂ।