ਮੈਕਸੀਕੋ, 6 ਜੁਲਾਈ -ਮੈਕਸੀਕੋ ਦੇ ਦੱਖਣੀ ਸੂਬੇ ਓਆਕਸਾਕਾ ਵਿਚ ਬੀਤੀ ਰਾਤ ਨੂੰ ਇਕ ਬੱਸ 80 ਫੁੱਟ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਸਾਲ ਦੇ ਬੱਚੇ ਸਮੇਤ 27 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 19 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਜਾਣਕਾਰੀ ਅਨੁਸਾਰ ਬੱਸ ਮੈਕਸੀਕੋ ਸਿਟੀ ਤੋਂ ਓਕਸਾਕਾ ਦੇ ਯੋਸੁੰਦੁਆ ਜਾ ਰਹੀ ਸੀ। ਜਿਵੇ ਹੀ ਬੱਸ ਮਾਗਡਾਲੇਨਾ ਪੇਨਾਸਕੋ ਪਿੰਡ ਦੇ ਨੇੜੇ ਪਹੁੰਚੀ ਤਾਂ ਡਰਾਈਵਰ ਦਾ ਬੱਸ ਤੋਂ ਸਤੁੰਲਨ ਵਿਗੜ ਗਿਆ, ਜਿਸ ਕਾਰਨ ਬੱਸ ਖਾਈ ਵਿਚ ਜਾ ਡਿੱਗੀ। ਇਹ ਇਹ ਹਾਦਸਾ ਪਹਾੜੀ ਖੇਤਰ ਵਿੱਚ ਹੋਇਆ ਹੈ। ਜਿਥੇ ਕਿ ਘੁੰਮਣ ਵਾਲੀਆਂ ਸੜਕਾਂ ਅਤੇ ਡੂੰਘੀਆਂ ਖੱਡਾਂ ਹਨ। ਸਿਵਲ ਪ੍ਰੋਟੈਕਸ਼ਨ ਦੀ ਬਚਾਅ ਟੀਮ ਨੇ ਜ਼ਖਮੀਆਂ ਨੂੰ ਨੇੜਲੇ ਪਿੰਡ ਦੇ ਸਰਕਾਰੀ ਹਸਪਤਾਲ ਪਹੁੰਚਾਇਆ।
ਓਕਸਾਕਾ ਸਰਕਾਰ ਦੇ ਸਕੱਤਰ ਜਨਰਲ ਜੀਸਸ ਰੋਮੇਰੋ ਲੋਪੇਜ਼ ਨੇ ਕਿਹਾ ਕਿ ਬੱਸ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਮਰਨ ਵਾਲਿਆਂ ਵਿੱਚ 13 ਪੁਰਸ਼, 13 ਔਰਤਾਂ ਅਤੇ ਇੱਕ ਸਾਲ ਦਾ ਬੱਚਾ ਸ਼ਾਮਲ ਹੈ। ਜੀਸਸ ਰੋਮੇਰੋ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਅਜਿਹਾ ਲੱਗ ਰਿਹਾ ਹੈ ਕਿ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਹੋਇਆ ਹੈ।