ਜੋਹਾਨਸਬਰਗ, 6 ਜੁਲਾਈ – ਦੱਖਣੀ ਅਫਰੀਕੀ ਸ਼ਹਿਰ ਬੋਕਸਬਰਗ ਵਿੱਚ ਇੱਕ ਸਿਲੰਡਰ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 3 ਬੱਚਿਆਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਦੱਖਣੀ ਅਫਰੀਕੀ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਐਮਰਜੈਂਸੀ ਸੇਵਾਵਾਂ ਮੁਤਾਬਕ ਘੱਟੋ-ਘੱਟ 24 ਲੋਕਾਂ ਦੀ ਮੌਤ ਦਾ ਖ਼ਦਸ਼ਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੁਲੀਸ ਅਤੇ ਐਮਰਜੈਂਸੀ ਸੇਵਾਵਾਂ ਵੱਲੋਂ ਦੱਸੀ ਗਈ ਮੌਤ ਦੀ ਗਿਣਤੀ ਵਿੱਚ ਅੰਤਰ ਕਿਉਂ ਹੈ।
ਦੱਖਣੀ ਅਫਰੀਕੀ ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਜੋਹਾਨਸਬਰਗ ਦੇ ਪੂਰਬੀ ਬਾਹਰੀ ਇਲਾਕੇ ਵਿਚ ਸਥਿਤ ਬੋਕਸਬਰਗ ਸ਼ਹਿਰ ਵਿਚ ਇਕ ਬਸਤੀ ਵਿਚ ਇੱਕ ਝੌਂਪੜੀ ਵਿੱਚ ਰੱਖੇ ਗੈਸ ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹੁਣ ਗੈਸ ਲੀਕ ਹੋਣੀ ਬੰਦ ਹੋ ਗਈ ਹੈ ਅਤੇ ਬਚਾਅ ਕਰਮਚਾਰੀ ਮੌਕੇ ਤੇ ਜ਼ਖਮੀਆਂ ਦੀ ਭਾਲ ਕਰ ਰਹੇ ਹਨ। ਜਾਣਕਾਰੀ ਅਨੁਸਾਰ ਲਾਸ਼ਾਂ ਘਟਨਾ ਸਥਾਨ ਅਤੇ ਉਸ ਦੇ ਆਲੇ-ਦੁਆਲੇ ਪਈਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਅਤੇ ਮਾਹਿਰ ਮੌਕੇ ਤੇ ਪਹੁੰਚ ਰਹੇ ਹਨ।