ਐਸ.ਏ.ਐਸ ਨਗਰ, 4 ਜੁਲਾਈ – ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ ਸਰਕਾਰੀ ਮਿਡਲ ਸਕੂਲ, ਰਾਏਪੁਰ ਕਲਾਂ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੈਮੀਨਾਰ ਕੀਤਾ ਗਿਆ ਅਤੇ ਹਾਈ ਸਕਿਉਰਟੀ ਨੰਬਰ ਪਲੇਟ ਫਿਟਿੰਗ ਕੇਂਦਰ, ਟੀ ਡੀ ਆਈ (ਭਾਗੋਮਾਜਰਾ) ਵਿਖੇ ਆਏ ਵਾਹਨ ਚਾਲਕਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਲੇਨ ਡਰਾਇਵਿੰਗ, ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ, ਵਾਤਾਵਰਣ ਦੀ ਸੁਰੱਖਿਆ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਦੋ ਪਹੀਆ ਵਾਹਨ ਤੇ ਹੈਲਮਟ ਪਾਉਣ, ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਕਰਨ, ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ, ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਦੀ ਅਪੀਲ ਕੀਤੀ ਗਈ।