ਕੋਲਕਾਤਾ, 3 ਜੁਲਾਈ – ਪੱਛਮੀ ਬੰਗਾਲ ਵਿਚ 8 ਜੁਲਾਈ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੋਈਆਂ ਹਿੰਸਕ ਝੜਪਾਂ ਵਿਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਇਕ ਵਰਕਰ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਤ੍ਰਿਣਮੂਲ ਕਾਂਗਰਸ ਵਰਕਰ ਦੀ ਪਛਾਣ ਜਿਆਰੁਲ ਮੁੱਲਾ (52) ਦੇ ਰੂਪ ਵਿਚ ਹੋਈ ਹੈ, ਜਿਸ ਨੂੰ ਰਾਤ ਨੂੰ ਘਰ ਪਰਤਦੇ ਸਮੇਂ ਦੱਖਣ 24 ਪਰਗਨਾ ਜ਼ਿਲੇ ਦੇ ਫੁਲਮਲਾਂਚਾ ਇਲਾਕੇ ਵਿਚ ਗੋਲੀ ਮਾਰ ਦਿੱਤੀ ਗਈ।
ਜਿਆਰੁਲ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੰਡੀਅਨ ਸੈਕੂਲਰ ਫਰੰਟ (ਆਈ. ਐੱਸ. ਐੱਫ.) ਦੇ ਇਕ ਸਥਾਨਕ ਨੇਤਾ ਨੇ ਦਾਅਵਾ ਕੀਤਾ ਕਿ ਮੁੱਲਾ, ਤ੍ਰਿਣਮੂਲ ਕਾਂਗਰਸ ਨੇਤਾ ਅਮਰੁਲ ਲਸਕਰ ਦਾ ਕਰੀਬੀ ਸਾਥੀ ਸੀ, ਜੋ ਸੱਤਾਧਾਰੀ ਪਾਰਟੀ ਅੰਦਰ ਬਗਾਵਤ ਦਾ ਸਾਹਮਣਾ ਕਰ ਰਹੇ ਹਨ।
ਉੱਥੇ ਹੀ ਇਕ ਹੋਰ ਘਟਨਾ ਵਿਚ, ਚਲਤਾਬੇਰੀਆ ਗ੍ਰਾਮ ਪੰਚਾਇਤ ਤ੍ਰਿਣਮੂਲ ਕਾਂਗਰਸ ਉਮੀਦਵਾਰ ਇਬਰਾਹਿਮ ਮੁੱਲਾ ਤੇ ਕਥਿਤ ਤੌਰ ਤੇ ਆਈ. ਐੱਸ. ਐੱਫ. ਵਰਕਰਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।