ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਮੈਚ 6 ਦਸੰਬਰ ਨੂੰ ਸਿਡਨੀ ’ਚ ਖੇਡਿਆ ਜਾਵੇਗਾ। ਮੈਚ ਵਿੱਚ ਆਲਰਾਊਂਡਰ ਰਵਿੰਦਰ ਜਡੇਜਾ ਦੀ ਗ਼ੈਰਹਾਜ਼ਰੀ ਦੇ ਬਾਵਜੂਦ ਭਾਰਤੀ ਟੀਮ ਦਾ ਪੱਲੜਾ ਭਾਰੀ ਰਹਿਣ ਦੀ ਸੰਭਾਵਨਾ ਹੈ। ਪਹਿਲੇ ਮੈਚ ’ਚ ਜਿੱਤ ਸਦਕਾ ਭਾਰਤੀ ਟੀਮ ਕਾਫ਼ੀ ਉਤਸ਼ਾਹ ’ਚ ਹੈ ਅਤੇ ਉਸ ਦੀ ਨਜ਼ਰ ਦੂਜਾ ਮੈਚ ਜਿੱਤ ਕੇ ਲੜੀ ਆਪਣੇ ਨਾਂ ਕਰਨ ’ਤੇ ਹੋਵੇਗੀ। ਟੀ-20 ਲੜੀ ’ਚ ਜਿੱਤ ਭਾਰਤੀ ਟੀਮ ਲਈ ਆਗਾਮੀ ਟੈਸਟ ’ਚ ਲਾਹੇਵੰਦ ਸਾਬਤ ਹੋ ਸਕਦੀ ਹੈ। ਲੜੀ ਦਾ ਤੀਜਾ ਤੇ ਆਖਰੀ ਮੈਚ 8 ਦਸੰਬਰ ਨੂੰ ਖੇਡਿਆ ਜਾਣਾ ਹੈ। ਰਵਿੰਦਰ ਜਡੇਜਾ ਦੇ ਸਿਰ ’ਚ ਸੱਟ ਲੱਗਣ ਮਗਰੋਂ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਨੂੰ ਬਦਲਵੇਂ ਖਿਡਾਰੀ ਵਜੋਂ ਚੁਣਿਆ ਗਿਆ ਹੈ। ਭਾਰਤ ਨੂੰ ਹੇਠਲੇ ਕ੍ਰਮ ’ਚ ਜਡੇਜਾ ਦੀ ਘਾਟ ਰੜਕੇਗੀ ਪਰ ਪਹਿਲੇ ਮੈਚ ’ਚ ਚੰਗੇ ਪ੍ਰਦਰਸ਼ਨ ਮਗਰੋਂ ਟੀਮ ਦੇ ਹੌਸਲੇ ਬੁਲੰਦ ਹਨ। ਦੂਜੇ ਪਾਸੇ ਆਸਟਰੇਲੀਆ ਦਾ ਮੁੱਖ ਬੱਲੇਬਾਜ਼ ਡੇਵਿਡ ਵਾਰਨਰ ਵੀ ਫਿੱਟ ਨਹੀਂ ਹੈ। ਭਾਰਤ ਨੂੰ ਉਪਰਲੇ ਕ੍ਰਮ ਦੇ ਬੱਲੇਬਾਜ਼ਾਂ ਖਾਸਕਰ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਜੋ ਪਹਿਲੇ ਮੈਚ ’ਚ ਨਹੀਂ ਸਨ ਚੱਲ ਸਕੇ।