ਨਾਗਪੁਰ, 3 ਜੁਲਾਈ (ਸ.ਬ.) ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਇਕ ਝੀਲ ਕਿਨਾਰੇ ਪਿਕਨਿਕ ਮਨਾਉਣ ਗਏ ਨੌਜਵਾਨਾਂ ਵਿਚੋਂ 5 ਨੌਜਵਾਨ ਇਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਝੀਲ ਵਿਚ ਡੁੱਬ ਗਏ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਹੋਈ ਜਦੋਂ ਬੀਤੀ ਸ਼ਾਮ ਕਰੀਬ 5 ਵਜੇ 8 ਨੌਜਵਾਨਾਂ ਦਾ ਇਕ ਸਮੂਹ ਪਿਕਨਿਕ ਮਨਾਉਣ ਲਈ ਜਿਲਪੀ ਝੀਲ ਦੇ ਕਿਨਾਰੇ ਹਿੰਗਨਾ ਇਲਾਕੇ ਵਿਚ ਗਿਆ ਸੀ। ਉੱਥੇ ਚਾਰ ਨੌਜਵਾਨ ਪਾਣੀ ਵਿਚ ਉਤਰ ਗਏ, ਹਾਲਾਂਕਿ ਉਹ ਤੈਰਨਾ ਨਹੀਂ ਜਾਣਦੇ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਪਹਿਲੇ ਝੀਲ ਦੇ ਕਿਨਾਰੇ ਤੇ ਇਸ਼ਨਾਨ ਕੀਤਾ। ਬਾਅਦ ਵਿਚ ਰਿਸ਼ੀਕੇਸ਼ ਡੂੰਘੇ ਪਾਣੀ ਵਿਚ ਚਲਾ ਗਿਆ। ਤਿੰਨ ਹੋਰ ਨੌਜਵਾਨ ਵੀ ਉਸ ਦੇ ਪਿੱਛੇ ਚਲੇ ਗਏ ਅਤੇ ਪਾਣੀ ਵਿਚ ਡੁੱਬਣ ਲੱਗੇ। ਇਨ੍ਹਾਂ ਲੋਕਾਂ ਨੂੰ ਡੁੱਬਦਾ ਦੇਖ ਵੈਭਵ ਵੈਧ ਉਨ੍ਹਾਂ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ ਪਰ ਉਹ ਵੀ ਡੁੱਬ ਗਿਆ। ਪੁਲੀਸ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਸਾਰੀਆਂ 5 ਲਾਸ਼ਾਂ ਨੂੰ ਰਾਤ ਕਰੀਬ 10 ਵਜੇ ਝੀਲ ਤੋਂ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਨਾਗਪੁਰ ਦੇ ਵਾਧੋਡਾ (ਪਾਰਡੀ ਖੇਤਰ) ਵਾਸੀ ਰਿਸ਼ੀਕੇਸ਼ ਪਰੇਡ (21), ਨਿਤਿਨ ਕੁੰਭਾਰੇ (21), ਵੈਭਵ ਵੈਧ (20), ਰਾਹੁਲ ਮੇਸ਼ਰਾਮ (21) ਅਤੇ ਸਾਂਤਨੂੰ ਅਰਮਰਕਰ (22) ਵਜੋਂ ਕੀਤੀ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐੱਮ.ਸੀ.ਐੱਚ.) ਭੇਜਿਆ ਗਿਆ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।