ਐਸ. ਏ. ਐਸ. ਨਗਰ, 3 ਜੁਲਾਈ – ਰੈਂਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ 78 ਵਲੋਂ ਸੈਕਟਰ 76-80 ਵਿੱਚ ਹੋਰ ਜਥੇਬੰਦੀਆਂ, ਕਮੇਟੀਆਂ ਦੇ ਸਹਿਯੋਗ ਨਾਲ ਗਮਾਡਾ ਵਲੋਂ ਸੈਕਟਰ 76-80 ਦੇ ਪਲਾਟ ਮਾਲਕਾਂ ਤੋਂ ਨਜਾਇਜ ਵਾਧੂ ਕੀਮਤ ਦੀ ਵਸੂਲੀ ਵਿਰੁੱਧ ਪ੍ਰਧਾਨ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਰੋਸ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਵੱਖ-2 ਬੁਲਾਰਿਆਂ ਨੇ ਸੰਬੋਧਨ ਕਰਦਿਆਂ ਗਮਾਡਾ ਵਲੋਂ ਸੈਕਟਰ 76-80 ਦੇ ਪਲਾਟ ਮਾਲਕਾਂ ਤੋਂ ਵਾਧੂ ਕੀਮਤ ਦੀ ਨਜਾਇਜ ਵਸੂਲੀ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ 2000 ਵਿੱਚ ਪੁਡਾ ਨੇ ਕਿਸਾਨਾਂ ਤੋਂ ਜਮੀਨ ਅਕਵਾਇਰ ਕੀਤੇ ਬਗੈਰ ਹੀ ਸਕੀਮ ਲਾਂਚ ਕਰ ਦਿਤੀ ਸੀ, ਜਿਸ ਕਰਕੇ ਕੋਰਟ ਕੇਸ ਦਾ ਸਾਹਮਣਾ ਕਰਨਾ ਪਿਆ ਅਤੇ ਅਲਾਟੀਆਂ ਨੂੰ 10 ਤੋਂ 20 ਸਾਲ ਬਾਅਦ ਪਲਾਟ ਅਲਾਟ ਕੀਤੇ ਗਏ ਅਤੇ ਹੁਣੇ ਵੀ 100 ਤੋਂ ਵੱਧ ਅਲਾਟੀਆਂ ਨੂੰ ਪਲਾਟ ਅਲਾਟ ਕਰਨੇ ਬਾਕੀ ਹਨ।
ਬੁਲਾਰਿਆਂ ਨੇ ਕਿਹਾ ਕਿ 2000-01 ਵਿਚ ਅਲਾਟੀਆਂ ਵਲੋਂ 25 ਪ੍ਰਤੀਸ਼ਤ ਪੈਸੇ ਜਮਾਂ ਕਰਾਏ ਗਏ ਸਨ ਜਿਹਨਾਂ ਦਾ ਅਲਾਟੀਆਂ ਨੂੰ ਕੋਈ ਵੀ ਵਿਆਜ ਨਹੀਂ ਦਿਤਾ ਗਿਆ ਜੋ ਕਿ ਸੈਂਕੜੇ ਕਰੋੜਾਂ ਵਿੱਚ ਬਣਦਾ ਹੈ। ਅਲਾਟੀਆਂ ਨੂੰ ਸਮੇਂ ਸਿਰ ਸਕੀਮ ਮੁਤਾਬਕ ਪਲਾਟ ਨਾ ਮਿਲਣ ਕਾਰਨ ਉਹਨਾਂ ਨੂੰ ਕਿਰਾਏ ਦੇ ਮਕਾਨਾਂ ਵਿਚ ਰਹਿਣ ਕਾਰਨ ਲਖਾਂ ਰੁਪਏ ਕਿਰਾਇਆ ਦੇਣਾ ਪਿਆ ਅਤੇ ਕਈ ਅਲਾਟੀ ਤਾਂ ਪਲਾਟਾਂ ਦੀ ਅਲਾਟਮੈਂਟ ਨੂੰ ਉਡੀਕਦੇ-2 ਰੱਬ ਨੂੰ ਪਿਆਰੇ ਹੋ ਗਏ।
ਉਹਲਾਂ ਸਵਾਲ ਕੀਤਾ ਕਿ ਸਰਕਾਰ ਅਤੇ ਗਮਾਡਾ ਦੀਆਂ ਗਲਤ ਨੀਤੀਆਂ ਦਾ ਖਾਮਿਆਜਾ ਪਲਾਟ ਅਲਾਟੀਆਂ ਨੂੰ ਕਿਉਂ ਭੁਗਤਣਾ ਪਵੇ? ਜਿਥੇ ਤਕ ਅਲਾਟੀਆਂ ਉਤੇ ਵਿਆਜ ਪਾਉਣ ਦਾ ਸਵਾਲ ਹੈ ਵਿਆਜ ਉਸ ਸਮੇਂ ਦੇਣਾ ਬਣਦਾ ਹੈ ਕਿ ਜੇਕਰ ਅਲਾਟੀ ਨੋਟਿਸ ਮਿਲਣ ਤੋਂ ਬਾਅਦ ਪੈਸਾ ਨਾ ਜਮਾਂ ਕਰਾਏ। ਬੁਲਾਰਿਆਂ ਨੇ ਮੰਗ ਕੀਤੀ ਕਿ ਪਲਾਟਾਂ ਦੀ ਵਧ ਵਸੂਲੀ ਦਾ ਫੈਸਲਾ ਵਾਪਿਸ ਲਿਆ ਜਾਵੇ ਅਤੇ ਵਸੂਲੀ ਦੇ ਨੋਟਿਸ ਭੇਜਣੇ ਬੰਦ ਕੀਤੇ ਜਾਣ।
ਇਸ ਦੇ ਨਾਲ ਹੀ ਵਸਨੀਕਾਂ ਵਲੋਂ 7 ਜੁਲਾਈ ਨੂੰ ਗਮਾਡਾ ਦਫਤਰ ਅੱਗੇ ਲਗਾਏ ਜਾ ਰਹੇ ਧਰਨੇ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਉਘੇ ਕਲਾਕਾਰ ਭੁਪਿੰਦਰ ਮਟੌਰੀਆ ਨੇ ਇਨਕਲਾਬੀ/ਸੰਘਰਸ਼ਮਈ ਗੀਤ ਪੇਸ਼ ਕੀਤੇ। ਸਟੇਜ ਸਕਤਰ ਦੀ ਜਿੰਮੇਵਾਰੀ ਕਮੇਟੀ ਦੇ ਜਨਰਲ ਸਕਤਰ ਇੰਦਰਜੀਤ ਸਿੰਘ ਨੇ ਨਿਭਾਈ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਕੌਂਸਲਰ ਗੁਰਜਿੰਦਰ ਕੌਰ ਬਾਛਲ ਅਤੇ ਹਰਜੀਤ ਸਿੰਘ ਭੋਲੂ, ਸਾਬਕਾ ਕੌਂਸਲਰ ਸਤਬੀਰ ਸਿੰਘ ਧਨੋਆ, ਮੇਜਰ ਸਿੰਘ, ਟਰੇਡ ਯੂਨੀਅਨ ਆਗੂ ਸਜਨ ਸਿੰਘ, ਜੀ. ਐਸ. ਪਠਾਣੀਆਂ ਵਿੱਤ ਸਕਤਰ 76-80 ਕਮੇਟੀ, ਨਵਜੋਤ ਸਿੰਘ ਬਾਛਲ, ਜਰਨੈਲ ਸਿੰਘ, ਦਿਆਲ ਚੰਦ, ਐਮ. ਪੀ. ਸਿੰਘ, ਗੁਰਦੇਵ ਸਿੰਘ ਦਿਉਲ, ਸੁਰਿੰਦਰ ਸਿੰਘ ਕੰਗ, ਨਿਰਮਲ ਸਿੰਘ ਸਭਰਵਾਲ, ਸਤਨਾਮ ਸਿੰਘ ਭਿੰਡਰ, ਨਰਿੰਦਰ ਸਿੰਘ, ਗੁਰਨਾਮ ਸਿੰਘ, ਜਗਦੀਪ ਸਿੰਘ, ਸੰਤੋਖ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਜਾਂਗਲਾ, ਦਰਸ਼ਨ ਸਿੰਘ, ਗੁਰਮੁਖ ਸਿੰਘ, ਰਮਿੰਦਰ ਸਿੰਘ, ਜਸਪਾਲ ਸਿੰਘ ਢਿਲੋਂ, ਗੁਰਦੇਵ ਸਿੰਘ ਸਰਾਂ, ਲਖਮਿੰਦਰ ਸਿੰਘ, ਗੁਰਭਜਨ ਸਿੰਘ, ਰਜਿੰਦਰ ਕਾਲੀਆ, ਅਸ਼ਰ ਸਿੰਘ, ਸੁਰਿੰਦਰ ਸਿੰਘ, ਰਾਜ ਕੁਮਾਰ ਕੌੜਾ, ਗੁਲਜਾਰ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਕੁਲਵੰਤ ਕੌਰ, ਨਿੰਮੀ ਆਦਿ ਹਾਜਰ ਸਨ।