ਚੰਡੀਗੜ੍ਹ, – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਵਿੱਚ ਨਵੇਂ ਭਰਤੀ ਕੀਤੇ ਗਏ 134 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇੱਥੇ ਪੰਜਾਬ ਭਵਨ ਵਿਖੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ। ਵਿਭਾਗ ਵਿੱਚ 8 ਕਲਰਕਾਂ ਤੋਂ ਇਲਾਵਾ ਪੰਜਾਬ ਸਟੇਟ ਰੂਰਲ ਲਾਇਵਲੀਹੁਡਜ਼ ਮਿਸ਼ਨ ਅਧੀਨ ਰੱਖੇ ਗਏ 126 ਮੁਲਾਜ਼ਮਾਂ ਵਿੱਚ 8 ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, 9 ਜ਼ਿਲ੍ਹਾ ਐਮ.ਆਈ.ਐਸ ਮੈਨੇਜਰ, 48 ਬਲਾਕ ਪ੍ਰੋਗਰਾਮ ਮੈਨੇਜਰ, 20 ਬਲਾਕ ਪ੍ਰੋਗਰਾਮ ਮੈਨੇਜਰ (ਲਾਇਵਲੀਹੁਡਜ਼), 2 ਬਲਾਕ ਪ੍ਰੋਗਰਾਮ ਮੈਨੇਜਰ (ਐਸ.ਵੀ.ਈ.ਪੀ/ਐਨ.ਐਫ਼), 32 ਕਲੱਸਟਰ ਕੋਆਰਡੀਨੇਟਰ ਅਤੇ ਸਟੇਟ ਪੱਧਰ ਤੇ 3 ਯੰਗ ਪ੍ਰੋਫੈਸ਼ਨਲ, 2 ਆਫਿਸ ਅਸਿਸਟੈਂਟ, 1 ਅਕਾਊਂਟ ਅਸਿਸਟੈਂਟ ਅਤੇ 1 ਐਮ.ਆਈ.ਐਸ ਅਸਿਸਟੈਂਟ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਰੂਰਲ ਲਾਇਵਲੀਹੁਡਜ਼ ਮਿਸ਼ਨ (ਪੀ.ਐਸ.ਆਰ.ਐਲ.ਐਮ) ਤਹਿਤ ਗ਼ਰੀਬ ਦਿਹਾਤੀ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾਂਦੇ ਹਨ ਅਤੇ ਪੀ. ਐਸ. ਆਰ. ਐਲ. ਐਮ. ਸਕੀਮ ਨੂੰ ਪਿੰਡ ਪੱਧਰ ਤੇ ਸੁਚੱਜੇ ਢੰਗ ਨਾਲ ਲਾਗੂ ਕਰਨ ਅਤੇ ਲੋੜਵੰਦ ਔਰਤਾਂ ਨੂੰ ਜਾਗਰੂਕ ਕਰਨ ਲਈ ਇਨ੍ਹਾਂ ਕਰਮਚਾਰੀਆਂ ਦਾ ਵਿਸ਼ੇਸ ਯੋਗਦਾਨ ਹੁੰਦਾ ਹੈ, ਇਸ ਲਈ ਉਹ ਆਪਣੀ ਡਿਊਟੀ ਮਿਸ਼ਨਰੀ ਭਾਵਨਾ ਨਾਲ ਨਿਭਾਉਣ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਹੁਣ ਤੱਕ 29,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਵਿਭਾਗ ਦੀਆਂ ਵੱਖ-ਵੱਖ ਆਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਸਮਾਗਮ ਦੌਰਾਨ ਸੰਯੁਕਤ ਵਿਕਾਸ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਡਾਇਰੈਕਟਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਾਇਰੈਕਟਰ ਸੰਜੀਵ ਗਰਗ, ਵਧੀਕ ਮੁੱਖ ਕਾਰਜਕਾਰੀ ਅਫ਼ਸਰ ਸ੍ਰੀ ਐਸ.ਪੀ. ਆਂਗਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।