ਔਕਲੈਂਡ, 6 ਜਨਵਰੀ, 2022: ਨਿਊਜ਼ੀਲੈਂਡ ਰਹਿੰਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਸ਼ੋਕਮਈ ਸਮਾਚਾਰ ਹੈ ਕਿ ਪਾਪਾਟੋਏਟੋਏ ਨਿਵਾਸੀ 22 ਸਾਲਾ ਪੰਜਾਬੀ ਹਾਲ ਹੀ ਵਿਚ ਵਕੀਲ ਬਣੀ ਕੁੜੀ ਸ਼ਿਵਮ ਕੌਰ (ਖੁਸ਼ੀ) ਦੀ ਬੀਤੀ 4 ਜਨਵਰੀ (ਮੰਗਲਵਾਰ) ਸ਼ਾਮ 4 ਕੁ ਵਜੇ ਟਾਉਪਰੀ (ਨੇੜੇ ਕੈਂਬਰਜਿ) ਵਿਖੇ ਸੜਕੀ ਹਾਦਸੇ ਦੇ ਵਿਚ ਮੌਤ ਹੋ ਗਈ। ਇਹ ਕੁੜੀ ਆਪਣੇ ਇਕ ਦੋਸਤ ਦੇ ਨਾਲ ਬਾਹਰ ਗਈ ਹੋਈ ਸੀ ਤੇ ਦੁਰਘਟਨਾ ਦਾ ਸ਼ਿਕਾਰ ਹੋ ਗਈ। ਕਾਰ ਚਲਾ ਰਿਹਾ ਉਸਦਾ ਦੋਸਤ ਵੀ ਗੰਭੀਰ ਜ਼ਖਮੀ ਹੈ। ਇਹ ਕੁੜੀ ਆਪਣੇ ਮਾਪਿਆਂ ਬਲਦੇਵ ਸਿੰਘ- ਰਜਿੰਦਰਪਾਲ ਕੌਰ ਹੋਰਾਂ ਨਾਲ 2015 ਤੋਂ ਇਥੇ ਰਹਿ ਰਹੀ ਸੀ ਅਤੇ ਹਾਲ ਹੀ ਵਿਚ ਉਸਨੇ ਲਾਅ ਦੀ ਡਿਗਰੀ ਕੀਤੀ ਸੀ। ਇਹ ਕੁੜੀ ਸਭ ਤੋਂ ਛੋਟੀ ਸੀ ਵੱਡਾ ਭਰਾ ਨਿਊਜ਼ੀਲੈਂਡ ਹੈ ਅਤੇ ਭੈਣ ਸਪੇਨ ਹੈ। ਇਹ ਕੁੜੀ ਨੇਪੀਅਰ ਰਹਿੰਦੇ ਸ. ਜਗਜੀਵਨ ਸਿੰਘ ਹੋਰਾਂ ਦੀ ਸਕੀ ਭਾਣਜੀ ਲਗਦੀ ਸੀ। ਸ਼ਿਵਮ ਕੌਰ ਦਾ ਜੱਦੀ ਪਿੰਡ ਮੇਘੋਵਾਲ ਗੰਜਿਆਂ ਜ਼ਿਲ੍ਹਾ ਹੁਸ਼ਿਆਰਪੁਰ ਸੀ।
ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਟੈਸਲਾ ਕਾਰ ਸੜਕੀ ਹੰਪ ਤੋਂ ਲੰਘਣ ਵੇਲੇ ਨਿਯੰਤਰਣ ਤੋਂ ਬਾਹਰ ਹੋ ਗਈ ਹੈ, ਤੇ ਕਾਰ ਲਾਗੇ ਟਰਾਂਸਫਾਰਮਰ ਦੇ ਵਿਚ ਵੱਜ ਗਈ, ਜਿਸ ਕਾਰਨ ਟ੍ਰਾਂਸਫਾਰਮਰ ਅਤੇ ਕਾਰ ਨੂੰ ਬਹੁਤ ਜ਼ਿਆਦਾ ਅੱਗ ਲੱਗ ਗਈ। ਕੁੜੀ ਦਾ ਸਰੀਰ ਕਾਫੀ ਨੁਕਸਾਨਿਆ ਗਿਆ ਹੈ। ਪਰਿਵਾਰ ਬਹੁਤ ਹੀ ਦੁਖਦਾਈ ਤੇ ਗਮਗੀਨ ਅਵਸਥਾ ਵਿਚ ਹੈ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਜਗਜੀਵਨ ਸਿੰਘ ਨੇਪੀਅਰ ਨਾਲ ਸੰਪਰਕ ਕਰਨ ਲਈ ਫੋਨ ਨੰਬਰ 021 935 135 ਉਤੇ ਸੰਪਰਕ ਕੀਤਾ ਜਾ ਸਕਦਾ ਹੈ।