ਲੰਡਨ, 14 ਦਸੰਬਰ -ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਅਤੇ ਭਾਰਤ ਕੁਦਰਤੀ ਭਾਈਵਾਲ ਹਨ ਜੋ ਕਿ 5ਜੀ, ਟੈਲੀਕਾਮ ਅਤੇ ਸਟਾਰਟਅੱਪਸ ਤੇ ਸਾਂਝੇਦਾਰੀ ਸਮੇਤ ਮਹਾਨ ਪ੍ਰਾਜੈਕਟਾਂ ਤੇ ਮਿਲ ਕੇ ਕੰਮ ਕਰ ਰਹੇ ਹਨ। ਵੀਡੀਓ ਲਿੰਕ ਰਾਹੀਂ ਗਲੋਬਲ ਤਕਨਾਲੋਜੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਜਾਨਸਨ ਨੇ ਕਿਹਾ ਕਿ ਭਾਰਤ ਅਤੇ ਯੂਕੇ ਆਉਣ ਵਾਲੇ ਦਹਾਕੇ ਵਿੱਚ ਵੀ ਤਕਨਾਲੋਜੀ ਅਤੇ ਹੋਰ ਖੇਤਰਾਂ ਵਿੱਚ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਇਹ 2030 ਲਈ ਭਾਰਤ-ਯੂਕੇ ਦੇ ਰੋਡਮੈਪ ਮੁਤਾਬਕ ਹੈ। ਉਨ੍ਹਾਂ ਕਿਹਾ ਕਿ ਯੂਕੇ ਅਤੇ ਭਾਰਤ ਨਵੀਨਤਾ ਅਤੇ ਉੱਦਮੀ ਭਾਵਨਾ ਦੇ ਸਾਂਝੇ ਸੱਭਿਆਚਾਰ ਦੇ ਨਾਲ ਕੁਦਰਤੀ ਭਾਈਵਾਲ ਹਨ। ਅਸੀਂ ਮਿਲ ਕੇ ਬਹੁਤ ਸਾਰੇ ਮਹਾਨ ਪ੍ਰਾਜੈਕਟਾਂ ਤੇ ਕੰਮ ਕਰ ਰਹੇ ਹਾਂ, ਜਿਸ ਵਿੱਚ 5ਜੀ ਅਤੇ ਟੈਲੀਕਾਮ ਤੇ ਯੂਕੇ-ਭਾਰਤ ਸਾਂਝੇਦਾਰੀ ਅਤੇ ਯੂ.ਕੇ. ਦੇ ਸਟਾਰਟਅੱਪ ਸ਼ਾਮਲ ਹਨ ਜੋ ਭਾਰਤ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਕੱਠੇ ਮਿਲ ਕੇ ਕੰਮ ਕਰਨ ਨਾਲ ਅਸੀਂ ਨਾ ਸਿਰਫ਼ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਨਵੀਂ ਸ਼ੁਰੂਆਤ ਕਰ ਸਕਾਂਗੇ ਸਗੋਂ ਅਜਿਹੀ ਨਵੀਂ ਤਕਨਾਲੋਜੀ ਨੂੰ ਵੀ ਆਕਾਰ ਦੇਵਾਂਗੇ ਜੋ ਤਬਦੀਲੀ ਦੀ ਆਜ਼ਾਦੀ, ਖੁੱਲ੍ਹੇਪਨ ਅਤੇ ਸ਼ਾਂਤੀ ਦੇ ਸਿਧਾਂਤਾਂ ਤੇ ਅਧਾਰਤ ਹੋਵੇਗੀ।