ਚੰਡੀਗੜ੍ਹ, 15 ਨਵੰਬਰ, 2021: ਈ ਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਪੁਲਿਸ ਹਿਰਾਸਤ ਵਿਚ ਭੁੱਖ ਹੜਤਾਲ ’ਤੇ ਬੈਠ ਗਏ ਹਨ। ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਸਦਾ ਖੁਲ੍ਹਾਸਾ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਭੁੱਖ ਹੜਤਾਲ ’ਤੇ ਬੈਠੇ ਹਨ। ਉਸਨੇ ਦੱਸਿਆ ਕਿ ਖਹਿਰਾ ਦੀ ਸਿੱਖੀ ਉੱਪਰ ਹਮਲਾ ਕੀਤਾ ਜਾ ਰਿਹਾ ਹੈ, ਇੱਕ ਪੁਲਿਸ ਅਧਿਕਾਰੀ ਪਾਂਡੇ ਨੇ ਉਹਨਾਂ ਨੂੰ ਆਪਣਾ ਕੜਾ ਤੱਕ ਉਤਾਰਨ ਲਈ ਆਖਿਆ ਜੋ ਕਿ ਸਾਡੇ ਗੁਰੂਆਂ ਦੀ ਨਿਸ਼ਾਨੀ ਹੈ। ਮਹਿਤਾਬ ਨੇ ਕਿਹਾ ਕਿ ਉਹਨਾਂ ਦੇ ਪਿਤਾ ਦੇ ਕਿਸੇ ਵੀ ਨੁਕਸਾਨ ਲਈ ਚੰਡੀਗੜ੍ਹ ਪੁਲਿਸ ਅਤੇ ਉਨ੍ਹਾਂ ਦੇ ਅਫਸਰ ਜ਼ਿੰਮੇਵਾਰ ਹੋਣਗੇ। ਜਦ ਤੱਕ ਉਹਨਾਂ ਦੀ ਸਿੱਖੀ ਉੱਪਰ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਅਤੇ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਉੱਪਰ ਡਾਕਾ ਮਾਰਨ ਵਾਲਿਆਂ ਨੂੰ ਸਜਾ ਨਹੀਂ ਮਿਲਦੀ ਉਹਨਾਂ ਦੀ ਇਹ ਭੁੱਖ ਹੜਤਾਲ਼ ਨਿਰੰਤਰ ਜਾਰੀ ਰਹੇਗੀ।