ਅੰਮ੍ਰਿਤਸਰ, 08 ਨਵੰਬਰ 2021-ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਫੜੇ ਗਏ ਦੋ ਨਸ਼ਾ ਤਸਕਰਾਂ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਤਰਨਤਾਰਨ ਪੁਲਿਸ ਵਿਭਾਗ ਨੇ 4 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਿਸ ਮੁਲਾਜ਼ਮਾਂ ਦੀ ਪਹਿਚਾਣ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਅਤੇ ਮਲਕੀਤ ਸਿੰਘ ਅਤੇ ਕਾਂਸਟੇਬਲ ਅਰਪਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਇਸੇ ਸਾਲ 20 ਅਗਸਤ ਨੂੰ ਮੁਲਜ਼ਮਾਂ ਨੇ ਰਾਜਾਸਾਂਸੀ ਦੇ ਪਿੰਡ ਭਿੱਟੇਵੱਡ ਦੇ ਰਹਿਣ ਵਾਲੇ ਜਸਪਾਲ ਸਿੰਘ ਅਤੇ ਇੱਕ ਹੋਰ ਮੁਲਜ਼ਮ ਰਣਜੀਤ ਸਿੰਘ ਰਾਣਾ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਦੋਵਾਂ ਨੂੰ ਛੱਡ ਦਿੱਤਾ ਸੀ। ਪਿਛਲੇ ਮਹੀਨੇ ਜਦੋਂ ਐਸਐਸਓਸੀ ਨੇ ਜਸਪਾਲ ਸਿੰਘ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਤਾਂ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਚਾਰ ਪੁਲੀਸ ਮੁਲਾਜ਼ਮਾਂ ਬਾਰੇ ਖੁਲਾਸਾ ਕੀਤਾ ਸੀ।
ਤਰਨਤਾਰਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ ਪੁਲਿਸ ਮੁਲਾਜ਼ਮਾਂ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਅਤੇ ਮਲਕੀਤ ਸਿੰਘ ਅਤੇ ਕਾਂਸਟੇਬਲ ਅਰਪਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਐਕਟ ਤੋਂ ਇਲਾਵਾ 40 ਕਿਲੋ ਅਫੀਮ ਰੱਖਣ ਦੇ ਦੋਸ਼ ‘ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੋ ਕਾਂਸਟੇਬਲ ਅਰਪਿੰਦਰ ਅਤੇ ਅਰਸ਼ਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਪੈਸੇ ਅਤੇ ਅਫੀਮ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਬਾਕੀ ਦੋ ਦੋਸ਼ੀ ਅਜੇ ਫਰਾਰ ਹਨ। ਤਰਨਤਾਰਨ ਪੁਲਸ ਜਲਦ ਹੀ ਜਸਪਾਲ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕਰੇਗੀ।
ਐਸਐਸਓਸੀ ਦੀ ਟੀਮ ਨੇ ਮੁਲਜ਼ਮ ਜਸਪਾਲ ਸਿੰਘ ਨੂੰ 28 ਸਤੰਬਰ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਨੂੰ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਰਿਮਾਂਡ ਵਿੱਚ ਜਸਪਾਲ ਨੇ ਦੱਸਿਆ ਕਿ ਤਰਨਤਾਰਨ ਪੁਲੀਸ ਨੇ ਉਸ ਨੂੰ 20 ਅਗਸਤ 2021 ਨੂੰ ਰਣਜੀਤ ਐਵੀਨਿਊ ਤੋਂ ਗ੍ਰਿਫ਼ਤਾਰ ਕੀਤਾ ਸੀ। ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਮਲਕੀਤ ਸਿੰਘ ਕਾਂਸਟੇਬਲ ਅਰਪਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 20 ਕਿਲੋ ਅਫੀਮ ਬਰਾਮਦ ਕੀਤੀ। ਇਸ ਮਗਰੋਂ ਚਾਰੇ ਪੁਲੀਸ ਮੁਲਾਜ਼ਮ ਉਸ ਨੂੰ ਤਰਨਤਾਰਨ ਲੈ ਆਏ। ਪਰ ਉਸ ਨੂੰ ਥਾਣੇ ਨਹੀਂ ਲੈ ਕੇ ਗਏ। ਚਾਰੇ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਛੱਡਣ ਲਈ 40 ਲੱਖ ਰੁਪਏ ਲਏ ਅਤੇ 20 ਕਿਲੋ ਅਫੀਮ ਵੀ ਆਪਣੇ ਕੋਲ ਰੱਖ ਲਈ ਸੀ।