ਆਕਲੈਂਡ, 29 ਸਤੰਬਰ 2020 – ਜਰਮਨ ਨਾਲ ਸਬੰਧਿਤ ਤਿੰਨ ਵਿਅਕਤੀ ਇੱਕ ਕਿਸ਼ਤੀ ਰਾਹੀਂ ਇੱਥੇ ਦੇ ਇਕ ਸਮੁੰਦਰੀ ਟਾਪੂ ‘ਬੇਅ ਆਫ ਆਈਲੈਂਡ’ ਪਹੁੰਚੇ ਸਨ ਅਤੇ ਨਿਊਜ਼ੀਲੈਂਡ ‘ਚ ਦਾਖਲ ਹੋਣਾ ਚਾਹੁੰਦੇ ਸਨ। ਇਹ ਸਮੁੰਦਰੀ ਸਫਰ 4100 ਕਿਲੋਮੀਟਰ ਬਣਦਾ ਹੈ। ਸਮੁੰਦਰੀ ਸਫਰ ਦੇ ਦੌਰਾਨ ਭਾਵੇਂ ਉਨ੍ਹਾਂ ਨੇ ਦਾਖਲ ਹੋਣ ਦੀ ਛੋਟ ਵਾਸਤੇ ਅਰਜ਼ੀ ਦਿੱਤੀ ਸੀ, ਪਰ ਉਹ ਸਿਹਤ ਵਿਭਾਗ ਵੱਲੋਂ ਨਾ-ਮਨਜੂਰ ਕੀਤੀ ਗਈ ਸੀ। ਹੁਣ ਇਹ ਤਿਕੜੀ ਵੀਰਵਾਰ ਤੱਕ ਜੇਲ੍ਹ ਦੇ ਵਿਚ ਹੀ ਰਹੇਗੀ ਅਤੇ ਉਸ ਦਿਨ ਸ਼ਾਮ ਨੂੰ ਇਨ੍ਹਾਂ ਨੂੰ ਇਕ ਫਲਾਈਟ ਦੇ ਰਾਹੀਂ ਵਾਪਿਸ ਜ਼ਰਮਨ ਪਰਤਣਾ ਪਵੇਗਾ।
ਪਿਛਲੇ ਸ਼ੁੱਕਰਵਾਰ ਇਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੇ ਨਾਂਅ ਸਨ ਜੈਕਬ ਕਰਾਊਸ, ਸੋਫੀਆ ਉਲਬਰਿੱਚ (ਮਹਿਲਾ) ਅਤੇ ਹੰਸ ਬੌਰਨਰ। ਇਨ੍ਹਾਂ ਦੀ ਉਮਰ 30 ਸਾਲ ਦੇ ਕਰੀਬ ਹੈ। ਅੱਜ ਇਨ੍ਹਾਂ ਨੂੰ ਔਕਲੈਂਡ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਸੀ ਅਤੇ ‘ਵਾਰੰਟ ਆਫ ਕਮਿੱਟਮੈਂਟ’ ਅਧੀਨ ਅਦਾਲਤੀ ਸੁਣਵਾਈ ਹੋਈ। ਇਨ੍ਹਾਂ ਦੇ ਵਕੀਲ ਨੇ ਕਿਹਾ ਕਿ ਇਹ ਤਿਕੜੀ ਤਾਹਿਤੀ (ਫ੍ਰੈਂਚ ਪੌਲੀਨੇਸ਼ੀਆ) ਤੋਂ ਨਿਊਜ਼ੀਲੈਂਡ ਆਉਣਾ ਚਾਹੁੰਦੀ ਸੀ ਅਤੇ ਆਪਣੀ ਕਿਸ਼ਤੀ ਓਪੂਆ (ਨਿਊਜ਼ੀਲੈਂਡ ਦਾ ਇਕ ਸ਼ਹਿਰ) ਵਿਖੇ ਛੱਡ ਕੇ ਫਲਾਈਟ ਫੜ ਕੇ ਜਰਮਨੀ ਵਾਪਿਸ ਜਾਣਾ ਚਾਹੁੰਦੀ ਸੀ। ਇਸ ਤੋਂ ਪਹਿਲਾਂ ਇਨ੍ਹਾਂ ਦਾ ਵਿਚਾਰ ਸੀ ਕਿ ਆਪਣੀ ਵੋਟ ਫ੍ਰੈਂਚ ਪੋਲੀਨੇਸ਼ੀਆ (ਸਮੁੰਦਰੀ ਟਾਪੂ) ਵਿਖੇ ਹੀ ਛੱਡ ਦਿੱਤੀ ਜਾਵੇ ਪਰ ਸਮੁੰਦਰੀ ਤੁਫਾਨ ਦਾ ਮੌਸਮ ਸੀ ਅਤੇ ਕੋਈ ਹੋਰ ਪ੍ਰਬੰਧ ਨਾ ਹੋ ਸਕਿਆ ਤਾਂ ਉਨ੍ਹਾਂ ਨਿਊਜ਼ੀਲੈਂਡ ਨੂੰ ਚਾਲੇ ਪਾ ਦਿੱਤੇ ਤੇ ਦਾਖਲੇ ਦੀ ਮੰਜੂਰੀ ਲਈ ਅਰਜ਼ੀ ਲਾ ਦਿੱਤੀ। ਸੋਚਿਆ ਕਿ ਜੇ ਗੱਲ ਨਾ ਬਣੀ ਤਾਂ ਫੀਜ਼ੀ ਚਲੇ ਜਾਣਗੇ। ਜਦੋਂ ਨਿਊਜ਼ੀਲੈਂਡ ਪਹੁੰਚਣ ਤੱਕ ਦੋ ਦਿਨ ਦਾ ਸਮਾਂ ਰਹਿ ਗਿਆ ਤਾਂ ਅਰਜ਼ੀ ਨਾ ਮੰਜੂਰ ਹੋ ਗਈ।
ਇਸ ਦੌਰਾਨ ਇਨ੍ਹਾਂ ਦੀ ਵੋਟ ਵੀ ਨੁਕਸਾਨੀ ਗਈ ਸੀ ਅਤੇ ਖਤਰਾ ਪੈਦਾ ਹੋ ਗਿਆ ਸੀ। ਇਸ ਕਰਕੇ ਇਨ੍ਹਾਂ ਨੇ ਨਿਊਜ਼ੀਲੈਂਡ ਆਉਣਾ ਜਾਰੀ ਰੱਖਿਆ ਤੇ ਇਥੇ ਆ ਕੇ ਇਮੀਗ੍ਰੇਸ਼ਨ ਵੱਲੋਂ ਫੜੇ ਗਏ। ਇਥੇ ਆ ਕੇ ਉਨ੍ਹਾਂ ਕਿਹਾ ਕਿ ਉਹ 50,000 ਡਾਲਰ ਤੱਕ ਕਿਸ਼ਤੀ ਦੀ ਰਿਪੇਅਰ ਆਦਿ ਕਰਵਾਉਣਗੇ ਅਤੇ ਸਰਕਾਰ ਮਾਨਵਤਾ ਦੇ ਅਧਾਰ ਉਤੇ ਉਨ੍ਹਾਂ ਨੂੰ ਇਥੇ ਰਹਿਣ ਦੀ ਛੋਟ ਦੋਵੇ। ਪਰ ਨਿਊਜ਼ੀਲੈਂਡ ਅਨੁਸਾਰ ਉਨ੍ਹਾਂ ਨੇ ਜਿੱਥੇ ਬਾਰਡਰ ਬੰਦ ਦੀਆਂ ਸ਼ਰਤਾਂ ਨੂੰ ਤੋੜਿਆ ਹੈ ਉਥੇ ਕੋਵਿਡ-19 ਦੇ ਦੌਰਾਨ ਵੱਡਾ ਜ਼ੋਖਮ ਵੀ ਉਠਾਇਆ ਹੈ। ਭਾਵੇਂ ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਅਗਲੀ ਫਲਾਈਟ ਤੱਕ ਜੇਲ੍ਹ ਵਿਚ ਨਾ ਰੱਖਿਆ ਜਾਵੇ ਪਰ ਮਾਣਯੋਗ ਅਦਾਲਤ ਨੇ ਇਨ੍ਹਾਂ ਨੂੰ ਜੇਲ੍ਹ ਵਿਚ ਰੱਖਣ ਲਈ ਹੁਕਮ ਦਿੱਤਾ। ਸੋ ਕਾਨੂੰਨ ਦੇ ਰਖਵਾਲੇ ਜਦੋਂ ਆਪਣੀ ਆਈ ਤੇ ਆ ਜਾਣ ਤਾਂ ਫਿਰ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਕਿਸੀ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾਂਦੀ। ਸੋ ਬੇਕਦਰੀ ਵੀ ਉਦੋਂ ਪੱਲੇ ਪੈ ਜਾਂਦੀ ਹੈ ਜਦੋਂ ਬਿਨਾਂ ਬੁਲਾਏ ਮਹਿਮਾਨ ਕਿਤੇ ਜਾਣ ਦੀ ਕੋਸ਼ਿਸ ਕਰੋ।