ਸਰੀ, 7 ਨਵੰਬਰ 2021- ਪੰਜਾਬ ਭਵਨ, ਸਰੀ ਵੱਲੋਂ ਨਾਮਵਰ ਪੰਜਾਬੀ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਦੇ 102ਵੇਂ ਜਨਮ ਦਿਵਸ ਉੱਪਰ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਡਾ. ਸ.ਪ. ਸਿੰਘ (ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਡਾ. ਸਾਧੂ ਸਿੰਘ, ਰਾਏ ਅਜ਼ੀਜ਼ ਉੱਲਾ ਖ਼ਾਨ, ਦਵਿੰਦਰਪਾਲ ਸਿੰਘ, ਪਰਮਜੀਤ ਕੌਰ ਪੰਮੀ ਅਤੇ ਜਰਨੈਲ ਸਿੰਘ ਸੇਖਾ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਜਰਨੈਲ ਸਿੰਘ ਸੇਖਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਪਰੰਤ ਡਾ. ਗੁਰਬਾਜ਼ ਸਿੰਘ ਬਰਾੜ ਨੇ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ, ਉਨ੍ਹਾਂ ਦੀ ਸਾਹਿਤਕ ਰਚਨਾਵਾਂ ਬਾਰੇ ਚਰਚਾ ਕੀਤੀ ਅਤੇ ਅੰਮ੍ਰਿਤਾ ਪ੍ਰੀਤਮ ਨਾਲ ਜੁੜੇ ਕੁੱਝ ਵਿਵਾਦ ਵੀ ਸਾਂਝੇ ਕੀਤੇ। ਰੇਡੀਉ, ਟੀ.ਵੀ. ਹੋਸਟ ਅਤੇ ਪੱਤਰਕਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਅੰਮ੍ਰਿਤਾ ਪ੍ਰੀਤਮ ਨੇ ਬਹੁਤ ਸਮਾਂ ਪਹਿਲਾਂ ਉਸ ਸਮੇਂ ਦੇ ਸਮਾਜ ਨੂੰ ਵੰਗਾਰਦਿਆਂ ਔਰਤ ਦੇ ਸਵੈਮਾਣ ਦੀ ਗੱਲ ਕੀਤੀ ਅਤੇ ਆਪਣਾ ਜੀਵਨ ਬੇਬਾਕੀ ਨਾਲ ਬਤੀਤ ਕਰ ਕੇ ਮਿਸਾਲੀ ਕਾਰਜ ਕੀਤਾ ਪਰ ਔਰਤ ਪ੍ਰਤੀ ਸਾਡੇ ਸਮਾਜ ਦਾ ਨਜ਼ਰੀਆ ਅੱਜ ਵੀ ਬਹੁਤਾ ਨਹੀਂ ਬਦਲਿਆ।
ਡਾ. ਸਾਧੂ ਸਿੰਘ ਨੇ ਅੰਮ੍ਰਿਤਾ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਜੀਵਨ ਨਾਲ ਜੋੜੇ ਕੁੱਝ ਵਿਵਾਦਾਂ ਨੂੰ ਗ਼ਲਤ ਦੱਸਿਆ ਅਤੇ ਪੰਜਾਬੀ ਦੇ ਕੁੱਝ ਪ੍ਰਮੁੱਖ ਲੇਖਕਾਂ ਵੱਲੋਂ ਅੰਮ੍ਰਿਤਾ ਪ੍ਰਤੀ ਫੈਲਾਏ ਕੂੜ ਪ੍ਰਚਾਰ ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਅੰਮ੍ਰਿਤਾ ਵੱਲੋਂ ਤਲਾਕ ਲੈਣ ਦੀ ਕਹਾਣੀ ਵੀ ਸਾਂਝੀ ਕੀਤੀ। ਬਿੱਕਰ ਸਿੰਘ ਖੋਸਾ ਨੇ ਅੰਮ੍ਰਿਤਾ ਨਾਲ ਆਪਣੀ ਚਿੱਠੀ ਪੱਤਰ ਦੀ ਸਾਂਝ ਅਤੇ ਉਨ੍ਹਾਂ ਵੱਲੋਂ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਆਪਣੀਆਂ ਸਾਦਾਂ ਸਾਂਝੀਆਂ ਕੀਤੀਆਂ। ਡਾ. ਸ.ਪ. ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੰਮ੍ਰਿਤਾ ਪ੍ਰੀਤਮ ਦੀ ਯਾਦ ਵਿਚ ਉਲੀਕੇ ਨਿਵੇਕਲੇ ਕਾਰਜ ਬਾਰੇ ਦੱਸਿਆ। ਪਰ ਨਾਲ ਹੀ ਕਿਹਾ ਕਿ ਕੁੱਝ ਕਾਰਨਾਂ ਕਰਕੇ ਉਹ ਇਸ ਕਾਰਜ ਨੂੰ ਅਮਲੀ ਰੂਪ ਦੇਣ ਵਿਚ ਸਫਲ ਨਹੀਂ ਹੋ ਸਕੇ। ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਿਰਮੌਰ ਪੰਜਾਬੀ ਕਵਿੱਤਰੀ ਸੀ ਅਤੇ ਉਨ੍ਹਾਂ ਪ੍ਰਤੀ ਦੋਹਾਂ ਪਾਸਿਆਂ ਦੇ ਪੰਜਾਬੀਆਂ ਵਿਚ ਅਥਾਹ ਸਤਿਕਾਰ ਹੈ। ਦਵਿੰਦਰਪਾਲ ਸਿੰਘ ਨੇ ਪੰਜਾਬ ਭਵਨ ਵੱਲੋਂ ਮਹਾਨ ਸਾਹਿਤਕਾਰ ਨੂੰ ਯਾਦ ਕਰਨ ਲਈ ਕੀਤੇ ਇਸ ਵਿਸ਼ੇਸ਼ ਉਪਰਾਲੇ ਲਈ ਪੰਜਾਬ ਭਵਨ ਅਤੇ ਸੁੱਖੀ ਬਾਠ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਮੱਸਾ ਸਿੰਘ (ਵਿਕਟੋਰੀਆ) ਅਤੇ ਦੋ ਹੋਰ ਲੇਖਕਾਂ ਦੀਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਸ਼ਾਇਰ ਇੰਦਰਜੀਤ ਧਾਮੀ, ਬਲਦੇਵ ਸੀਹਰਾ, ਡਾ. ਲਖਵਿੰਦਰ ਗਿੱਲ, ਅੰਮ੍ਰਿਤ ਦੀਵਾਨਾ, ਪਰਮਜੀਤ ਕੌਰ, ਪਰਮਿੰਦਰ ਸਵੈਚ, ਮੱਸਾ ਸਿੰਘ, ਦਰਸ਼ਨ ਸੰਘਾ ਅਤੇ ਸੁਰਜੀਤ ਮਾਧੋਪੁਰੀ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਨੇ ਸਮਾਗਮ ਵਿਚ ਸ਼ਾਮਲ ਵਿਸ਼ੇਸ਼ ਮਹਿਮਾਨਾਂ ਅਤੇ ਤਮਾਮ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕੋਰੋਨਾ ਦੌਰ ਤੋਂ ਬਾਅਦ ਪੰਜਾਬ ਭਵਨ ਦੀਆਂ ਸਾਹਿਤਕ ਸਰਗਰਮੀਆਂ ਨੂੰ ਹੋਰ ਹੁਲਾਰਾ ਦੇਣ ਦੀ ਗੱਲ ਕਹੀ। ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਪ੍ਰਤੀ ਪ੍ਰੇਰਿਤ ਕਰਨ ਹੋਣਹਾਰ ਲੜਕੀ ਮਹਿਕਪ੍ਰੀਤ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਮਾਗਮ ਦਾ ਸੰਚਾਲਨ ਕਵਿੰਦਰ ਚਾਂਦ ਨੇ ਕੀਤਾ।