ਨਵੀਂ ਦਿੱਲੀ, 29 ਅਕਤੂਬਰ, 2021: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 1984 ਦੇ ਸਿੱਖ ਕਤਲੇਆਮ ਦੇ ਸ਼ੱਕੀ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪਰਮਾਨੈਂਟ ਇਨਵਾਇਟੀ ਨਿਯੁਕਤ ਕੀਤਾ ਹੈ। ਟਾਈਟਲਰ ਦੀ ਇਹ ਨਿਯੁਕਤੀ 36 ਹੋਰ ਪਰਮਾਨੈਂਟ ਇਨਵਾਇਟੀਜ਼ ਦੇ ਨਾਲ ਕੀਤੀ ਗਈ ਹੈ।ਦਾ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਜੇ ਪੀ ਅਗਰਵਾਲ, ਸਾਬਕਾ ਜਨਰਲ ਸਕੱਤਰ ਜਨਾਰਧਨ ਦ੍ਰਿਵੇਦੀ ਅਤੇ ਸਾਬਕਾ ਮੰਤਰੀ ਕਪਿਲ ਸਿੱਬਲ, ਅਜੈ ਮਾਕਣ ਅਤੇ ਕ੍ਰਿਸ਼ਨ ਤੀਰਥ ਦੇ ਨਾਲ ਹੀ ਟਾਈਟਲਰ ਦੀ ਨਿਯੁਕਤੀ ਕੀਤੀ ਗਈਹੈ। ਨਿਯੁਕਤੀਆਂ ਬਾਰੇ ਪੱਤਰ ਏ ਆਈ ਸੀਸੀ ਦੇ ਜਨਰਲ ਸਕੱਤਰ ਕੇ ਸੀ ਵੇਨੂਗੋਪਾਲ ਨੇ ਜਾਰੀ ਕੀਤਾ ਹੈ। ਦਿੱਲੀ ਕਾਂਗਰਸ ਕਾਰਜਕਾਰਨੀ ਕਮੇਟੀ ਦੇ 87 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਟਾਈਟਲਰ ਕਾਂਗਰਸ ਦੇ ਦੂਜੇ ਵੱਡੇ ਆਗੂ ਹਨ ਜਿਹਨਾਂ ’ਤੇ 1984ਦਾ ਦਿੱਲੀ ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ ਲੱਗਾ ਸੀ। ਉਹਨਾਂ ਤੋਂ ਇਲਾਵਾ ਸੱਜਣ ਕੁਮਾਰ ਇਹਨਾਂ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ਵਿਚ ਉਮਰ ਕੈਦ ਕੱਟ ਰਹੇ ਹਨ।ਸੀ ਬੀ ਆਈ ਨੇ ਟਾਈਟਲਰ ਦੇ ਕੇਸ ਵਿਚ 2007, 2009 ਅਤੇ 2014 ਵਿਚ ਤਿੰਨ ਕਲੋਜ਼ਰ ਰਿਪੋਰਟ ਦਾਇਰ ਕੀਤੀਆਂ ਸਨ ਪਰ ਕੜਕੜਡੁਮਾ ਅਦਾਲਤ ਨੇ ਇਹ ਕਲੋਜ਼ਰ ਰਿਪੋਰਟਾਂ 2015 ਵਿਚ ਰੱਦ ਕਰਕੇ ਟਾਈਟਲਰ ਖਿਲਾਫ ਜਾਂਚ ਜਾਰੀ ਰਹਿਣ ਦੇ ਹੁਕਮ ਦਿੱਤੇ ਸਨ।