ਨਵਾਂਸ਼ਹਿਰ, 29 ਅਕਤੂਬਰ 2021- ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ
ਦੱਸਿਆ ਕਿ ਮਿਤੀ 31 ਅਕਤੂਬਰ ਨੂੰ ਪੂਰੇ ਪੰਜਾਬ ਭਰ ਵਿੱਚੋਂ ਹਜਾਰਾਂ ਦੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਸੀ.ਐਮ. ਸਿਟੀ ਮੋਰਿੰਡਾ
ਵਿਖੇ ਰੈਲੀ ਕਰਨਗੇ ਅਤੇ ਸੀ.ਐਮ ਹਾਊਸ ਦਾ ਘਿਰਾਉ ਕਰਨਗੇ । ਇਸੇ ਦਿਨ ਸ਼ਾਮ ਨੂੰ ਮੋਰਿੰਡਾਂ ਵਿਖੇ ਮੋਰਚਾ ਸ਼ੁਰੂ ਕਰ ਦਿੱਤਾ
ਜਾਵੇਗਾ। ਇਹ ਪੱਕਾ ਧਰਨਾ ਮੰਗਾਂ ਦੇ ਹੱਲ ਤੱਕ ਜਾਰੀ ਰਹੇਗਾ। ਕੰਪਿਊਟਰ ਅਧਿਆਪਕ ਆਪਣੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਦੀ
ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸੂਬਾ ਸਰਕਾਰ ਅਤੇ ਅਫਸਰਸ਼ਾਹੀ ਵਲੋਂ ਦੀਆਂ ਮੰਗਾਂ ਮੰਨਣ ਦੀ
ਬਜਾਏ ਦਿਨੋ ਦਿਨ ਕੰਪਿਊਟਰ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਕੰਪਿਊਟਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ
ਜਾ ਰਿਹਾ ਹੈ । ਕੰਪਿਊਟਰ ਅਧਿਆਪਕਾਂ ਦੇ ਨਿਯੁਕਤੀ ਪੱਤਰਾਂ ਵਿਚ ਦਰਜ ਪੰਜਾਬ ਸਿਵਲ ਸਰਵਿਸ ਰੂਲਜ ਉਹਨਾਂ ਤੇ ਲਾਗੂ ਨਹੀਂ ਕੀਤੇ ਜਾ
ਰਹੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਰੂਲਜ ਮੁਤਾਬਿਕ ਮਿਲਣ ਵਾਲੀਆਂ ਸਹੂਲਤਾਂ
ਜਿਵੇਂ ਇੰਟਰਮ ਰਿਲੀਫ, ਏ.ਸੀ.ਪੀ.ਲੀਵ ਇੰਨਕੈਸ਼ਮੈਂਟ, ਮੈਡੀਕਲ ਛੁੱਟੀਆਂ, ਸੀ.ਪੀ.ਐਫ ਆਦਿ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।
ਇੱਥੇ ਇਹ ਵੀ ਜ਼ਿਕਰ ਕਰਨਾ ਜਰੂਰੀ ਹੈ ਕਿ ਪਿਛਲੇ ਸਾਲਾਂ ਦੌਰਾਨ 70 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੇ ਪਰਿਵਾਰ
ਰੁਲਣ ਲਈ ਮਜ਼ਬੂਰ ਹੋ ਰਹੇ ਹਨ। ਇਹਨਾਂ ਕੰਪਿਊਟਰ ਅਧਿਆਪਕਾਂ ਦੇ ਆਸ਼ਰਿਤ ਪਰਿਵਾਰਾਂ ਨੂੰ ਨਾ ਕੋਈ ਵਿੱਤੀ ਲਾਭ ਅਤੇ ਨਾ ਹੀ ਤਰ
ਦੇ ਅਧਾਰ ਤੇ ਸਰਕਾਰੀ ਨੌਕਰੀ ਦਿੱਤੀ ਗਈ । ਪਿਛਲੇ 4 ਸਾਲਾਂ ਵਿੱਚ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ
ਚੁੱਕੀਆਂ ਹਨ ਪ੍ਰੰਤੂ ਹੱਲ ਕਰਨ ਦੀ ਬਜਾਏ ਲਾਰੇ ਲੱਪੇ ਹੀ ਮਿਲੇ ਹਨ। ਇਸੇ ਲੜੀ ਤਹਿਤ ਮਿਤੀ 12 ਅਕਤੂਬਰ ਅਤੇ ਮਿਤੀ 18 ਅਕਤੂਬਰ
ਨੂੰ ਨਵੇਂ ਸਿੱਖਿਆ ਮੰਤਰੀ ਨਾਲ ਵੀ 2 ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ
ਨਹੀਂ ਕੀਤੀ ਗਈ। ਮਿਤੀ 18 ਅਕਤੂਬਰ ਨੂੰ ਚੀਫ ਸੈਕਟਰੀ ਟੂ ਸੀ.ਐਮ ਨਾਲ ਹੋਈ ਮੀਟਿੰਗ ਵਿਚ ਉਹਨਾਂ ਨੇ ਮੰਨਿਆ ਕਿ ਕੰਪਿਊਟਰ
ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਉਹਨਾਂ ਤੇ ਨਿਯੁਕਤੀ ਪੱਤਰ ਵਿਚ ਲਿਖੀਆਂ ਸ਼ਰਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਣਾ
ਬਣਦਾ ਹੈ ਪਰੰਤੂ ਉਹਨਾਂ ਦੇ ਇਸ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਵੀ ਪੰਜਾਬ ਸਰਕਾਰ ਮੰਗਾਂ ਨਹੀਂ ਮੰਨ ਰਹੀ ਹੈ, ਜਿਸ ਕਾਰਨ ਸਮੂਹ
ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਜਿਸਦੇ ਰੋਸ ਵਜੋਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ
ਸਰਕਾਰ ਦੇ ਅੜੀਅਲ ਰੱਵੀਏ ਅਤੇ ਅਫਸਰਸ਼ਾਹੀ ਦੇ ਇਸ ਵਤੀਰੇ ਤੋਂ ਤੰਗ ਆ ਕੇ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾਂ ਵਿਖੇ ਸੂਬਾ ਪੱਧਰੀ ਰੋਸ
ਰੈਲੀ ਅਤੇ ਪੱਕਾ ਧਰਨਾਂ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਥੇਬੰਦੀ ਦੀ ਸਮੁੱਚੀ ਲੀਡਰਸ਼ਿਪ ਦੀ
ਸੂਬਾ ਪੱਧਰੀ ਮੀਟਿੰਗ ਮੋਰਿੰਡਾਂ ਵਿਖੇ 27 ਅਕਤੂਬਰ ਨੂੰ ਸੱਦ ਲਈ ਗਈ ਹੈ। ਇਸ ਮੌਕੇ ਰਾਜਵਿੰਦਰ ਲਾਖਾ, ਗੁਰਜੀਤ ਸਿੰਘ, ਸਚਿਨ , ਸੁਰਿੰਦਰ ਸ਼ਹਿਜਲ, ਲਖਵਿੰਦਰ ,ਰਮਨ ਕੁਮਾਰ, ਸੁਖਵਿੰਦਰ, ਵਰਿੰਦਰ, ਸ਼ਮਾ,ਹਰਮਨ , ਰਣਜੀਤ, ਹਰਜਿੰਦਰ ਕੌਰ, ਸੋਨੀਆ ਹਾਜ਼ਰ ਸਨ।