ਜੰਮੂ, 28 ਅਕਤੂਬਰ – ਜ਼ਿਲ੍ਹਾ ਡੋਡਾ ਦੇ ਠਾਠਰੀ ਇਲਾਕੇ ਵਿੱਚ ਸਵੇਰੇ ਹੋਏ ਸੜਕ ਹਾਦਸੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਈ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਸੜਕ ਹਾਦਸਾ ਸੂਈ ਗੋਵਾਰੀ ਇਲਾਕੇ ਵਿੱਚ ਹੋਇਆ ਹੈ। ਇਹ ਸਾਰੇ ਲੋਕ ਮਿੰਨੀ ਬੱਸ ਵਿੱਚ ਸਵਾਰ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਡੋਡਾ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਿੰਨੀ ਬੱਸ ਵਿੱਚ ਸਵਾਰ ਇਹ ਸਾਰੇ ਯਾਤਰੀ ਡੋਡਾ ਤੋਂ ਠਾਠਰੀ ਵੱਲ ਜਾ ਰਹੇ ਸਨ। ਮਿੰਨੀ ਬੱਸ ਜਦੋਂ ਸੂਈ ਗੋਵਾਰੀ ਇਲਾਕੇ ਵਿੱਚ ਪਹੁੰਚੀ ਤਾਂ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਗੱਡੀ ਸਿੱਧੀ ਖੱਡ ਵਿੱਚ ਉਤਰ ਗਈ। ਖਾਈ ਵਿੱਚ ਡਿੱਗਣ ਦੌਰਾਨ ਮਿੰਨੀ ਬੱਸ ਦੇ ਪਰਖੱਚੇ ਉੱਡ ਗਏ। ਉਸ ਵਿੱਚ ਸਵਾਰ ਕਈ ਯਾਤਰੀ ਤਾਂ ਵਾਹਨ ਵਿੱਚੋਂ ਨਿਕਲ ਕੇ ਬਾਹਰ ਚੱਟਾਨਾਂ ਤੇ ਡਿੱਗੇ, ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਇਸ ਹਾਦਸੇ ਦੇ ਕੁਝ ਹੀ ਦੇਰ ਬਾਅਦ ਫ਼ੌਜ ਦੇ ਜਵਾਨ ਸਥਾਨਕ ਲੋਕਾਂ ਦੇ ਨਾਲ ਘਟਨਾ ਸਥਾਨ ਤੇ ਪਹੁੰਚ ਗਏ ਸਨ। ਗੱਡੀ ਵਿੱਚੋਂ ਇੱਧਰ-ਉਧਰ ਡਿੱਗੇ ਵਿਅਕਤੀਆਂ ਵਿੱਚੋਂ ਅੱਠ ਵਿਅਕਤੀਆਂ ਨੇ ਤਾਂ ਉਥੇ ਹੀ ਦਮ ਤੋੜ ਦਿੱਤਾ ਸੀ।