ਫਰੀਦਕੋਟ, 17 ਜੂਨ, 2020 : ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਫਰੀਦਕੋਟ ਨਿਵਾਸੀ ਸੋਹੇਲ ਸਿੰਘ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ। ਬਰਾੜ ਇਕ ਵਕੀਲ ਹੈ ਜਿਸਦੀ ਲਾਇਸੰਸੀ ਰਾਈਫਲ ਪੁਲਿਸ ਨੇ ਕਥਿਤ ਜਿਪਸੀ ‘ਤੇ ਗੋਲੀ ਮਾਰਨ ਲਈ ਵਰਤੀ ਸੀ। ਉਸ ਵੇਲੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਧਰਨਾਕਾਰੀਆਂ ਨੇ ਜਿਪਸੀ ‘ਤੇ ਗੋਲੀਆਂ ਮਾਰੀਆਂ ਤੇ ਪੁਲਿਸ ਨੇ ਸਵੈ ਰੱਖਿਆ ਲਈ ਫਾਇਰਿੰਗ ਕੀਤੀ ਹੈ।
ਇਹ ਜਿਸਪੀ ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸਿੰਘ ਸ਼ਰਮਾ ਦੀ ਸੀ ਜੋ ਇਸ ਕੇਸ ਵਿਚ ਇਕ ਮੁਲਜ਼ਮ ਹਨ। ਹੁਣ ਐਸ ਆਈ ਟੀ ਐਡਵੋਕੇਟ ਬਰਾੜ ਨੂੰ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕਰੇਗੀ ਤੇ ਪੁਲਿਸ ਰਿਮਾਂਡ ਮੰਗੇਗੀ।
ਐਸ ਆਈ ਟੀ ਦੇ ਮੈਂਬਰ ਆਈ ਜੀ ਕੁੰਵਰ ਵਿਜੇ ਪ੍ਰਿਤਾਪ ਸਿੰਘ ਨੇ ਸੋਹੇਲ ਸਿੰਘ ਬਰਾੜ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਤੇ ਆਖਿਆ ਹੈ ਕਿ ਉਸਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਕੇਸ ਦੀ ਨਿਰਪੱਖ ਢੰਗ ਨਾਲ ਜਾਂਚ ਕਰ ਰਹੇ ਹਾਂ।
ਐਸ ਆਈ ਟੀ ਮੁਤਾਬਰਕ ਬਹਿਬਲ ਕਲਾਂ ਫਾਇਰਿੰਗ ਘਟਨਾ ਵਿਚ ਪੁਲਿਸ ਦੀ ਇਕ ਜਿਪਸੀ ਇਕ ਘਰ ਵਿਚ ਲਿਜਾਈ ਗਈ ਜਿਥੇ ਉਸ ‘ਤੇ ਗੋਲੀਆਂ ਦੇ ਜਾਅਲੀ ਨਿਸ਼ਾਨ ਬਣਾਏ ਗÂੈ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਪੁਲਿਸ ਨੇ ਬਹਿਬਲਕਲਾਂ ਵਿਚ ਬੈਠੇ ਧਰਨਾਕਾਰੀਆਂ ਖਿਲਾਫ ਸਵੈ ਰੱਖਿਆ ਵਿਚ ਗੋਲੀ ਚਲਾਈ। ਇਹ ਘਟਨਾ ਅਕਤੂਬਰ 2015 ਵਿਚ ਵਾਪਰੀ ਸੀ। ਐਸ ਆਈ ਟੀ ਇਕ ਹੋਰ ਮੁਲਜ਼ਮ ਐਸ ਪੀ ਬਿਕਰਮਜੀਤ ਸਿੰਘ ਵੱਲੋਂ ਝੂਠੇ ਸਬੂਤ ਬਣਾਉਣ ਦੀ ਵੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸ ਐਸ ਪੀ ਚਰਨਜੀਤ ਸਿੰਘ ਸ਼ਰਮਾ, ਐਸ ਪਰਮਜੀਤ ਸਿੰਘ ਪੰਨੂ ਤੇ ਬਲਜੀਤ ਸਿੰਘ ਸਿੱਧੂ ਤੇ ਐਸ ਐਚ ਓ ਗੁਰਦੀਪ ਸਿੰਘ ਪੰਧੇਰ ਖਿਲਾਫ ਕੋਟਕਪੁਰਾ ਫਾਇਰਿੰਗ ਕੇਸ ਵਿਚ ਚਲਾਨ ਪੇਸ਼ ਕੀਤਾ ਸੀ। ਬਹਿਬਲ ਕਲਾਂ ਮਾਮਲੇ ਵਿਚ ਐਸ ਆਈ ਟੀ ਨੇ ਪਿਛਲੇ ਸਾਲ ਅਪ੍ਰੈਲ ਵਿਚ ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸਿੰਘ ਸ਼ਰਮਾ ਦੇ ਖਿਲਾਫ ਚਲਾਨ ਪੇਸ਼ ਕੀਤਾ ਸੀ।