ਪਟਿਆਲਾ, 26 ਅਗਸਤ, 2021: ਧਰਨਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਨਿਯੁੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਪਿਛਲੇ 50 ਦਿਨਾਂ ਤੋਂ ਪੱਕਾ ਧਰਨਾ ਲਗਾ ਕੇ ਬੈਠੇ ਹੋਏ 2364 ਈਟੀਟੀ ਸਲ਼ੈਕਟਿਡ ਅਧਿਆਪਕਾਂ ਵਲੋਂ ਸਰਕਾਰ ਦੀ ਅਣਦੇਖੀ ਅਤੇ ਟਾਲ ਮਟੋਲ ਕਰਕੇ ਅੱਜ ਪਟਿਆਲਾ ਵਿਖੇ ਸੂਬਾ ਪੱਧਰੀ ਇਕੱਠ ਕਰਕੇ ਫੁਹਾਰਾ ਚੌਂਕ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮਜਬੂਰ ਹੋਏ ਅਧਿਆਪਕਾਂ ਵਲੋਂ ਭਾਖੜਾ ਵੱਲ ਰੁੱਖ ਕਰ ਲਿਆ ਅਤੇ ਸਰਕਾਰ ਦੇ ਲਾਰਿਆਂ ਤੋਂ ਅੱਕੇ ਦੋ ਅਧਿਆਪਕਾਂ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ। ਇਹਨਾਂ ਵਿੱਚ ਸੰਦੀਪ ਸੰਗਰੂਰ ਅਤੇ ਅਨੂਪ ਸੰਗਰੂਰ ਸ਼ਾਮਿਲ ਸਨ, ਹਾਲਾਕਿ ਗੋਤਾਖੋਰਾਂ ਵਲੋਂ ਮੌਕੇ ਇਹਨਾਂ ਨੂੰ ਬਚਾ ਲਿਆ ਗਿਆ।
ਜ਼ਿਕਰਯੋਗ ਹੈ ਕਿ 6 ਮਾਰਚ 2020 ਨੂੰ ਜਾਰੀ ਹੋਈਆਂ 2364 ਈਟੀਟੀ ਦੀਆਂ ਅਸਾਮੀਆਂ ਲਈ ਦਸੰਬਰ 2020 ਤੱਕ ਸਕਰੂਟਨੀ ਪ੍ਰਕਿਰਿਆ ਪੂਰੀ ਕਰਵਾ ਚੁੱਕੇ ਅਧਿਆਪਕਾਂ ਨੂੰ ਲਗਪਗ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਇਸ ਸੰਬੰਧੀ ਜੱਥੇਬੰਦੀ ਦੇ ਆਗੂ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਨਾਲ ਸਮੇਂ ਸਮੇਂ ਤੇ ਮੀਟਿੰਗਾਂ ਹੋਈਆਂ ਪ੍ਰੰਤੂ ਕੋਈ ਹੱਲ ਨਹੀਂ ਨਿਕਲਿਆ ਤੇ ਸਿਰਫ ਲਾਰੇ ਹੀ ਲਗਾਏ ਜਾ ਰਹੇ ਹਨ.।ਸਰਕਾਰ ਦੀ ਅਣਦੇਖੀ ਦੇ ਕਾਰਨ ਇਹ ਸਲੈਕਟਿਡ ਅਧਿਆਪਕ ਸੜਕਾਂ ਤੇ ਉੁੱਤਰਣ ਲਈ ਮਜ਼ਬੂਰ ਹਨ।