ਫੜੇ ਗਏ ਗੈਂਗਸਟਰ ਪੱਟੀ ਵਿਖੇ ਦੋਹਰੇ ਕਤਲ ਕੇਸ, ਲੁਧਿਆਣਾ ਵਿੱਚ ਢਾਈ ਕਿਲੋ ਸੋਨੇ ਦੀ ਡਕੈਤੀ ਅਤੇ ਹੋਰ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ
ਅੰਮਿ੍ਰਤਸਰ – ਪੰਜਾਬ ਪੁਲਿਸ ਨੇ ਅੱਜ ਅਜਨਾਲਾ, ਅੰਮਿ੍ਰਤਸਰ ਦੇ ਪਿੰਡ ਚਮਿਆਰੀ ਵਿਖੇ ਕੀਤੀ ਵਿਸ਼ੇਸ਼ ਕਾਰਵਾਈ ਦੌਰਾਨ ਦੋ ਲੋੜੀਂਦੇ ਗੈਂਗਸਟਰਾਂ ਅਤੇ ਉਨਾਂ ਦੇ ਸਾਥੀ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਉਨਾਂ ਪਾਸੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।ਗੈਂਗਸਟਰਾਂ ਦੀ ਪਛਾਣ ਦਇਆ ਸਿੰਘ ਉਰਫ ਪ੍ਰੀਤ ਸ਼ੇਖੋਂ ਉਰਫ ਪ੍ਰੀਤ ਉਰਫ ਲੱਡੂ ਵਾਸੀ ਪਿੰਡ ਸੰਗਨਾ, ਚਾਟੀਵਿੰਡ ਅਤੇ ਜਰਮਨਜੀਤ ਸਿੰਘ ਉਰਫ ਨਿੱਕਾ ਖਡੂਰੀਆ ਵਾਸੀ ਚੰਬਾ ਖੁਰਦ, ਤਰਨਤਾਰਨ ਵਜੋਂ ਹੋਈ ਹੈ। ਉਕਤ ਮੁਲਜ਼ਮ ਤਰਨਾਤਾਰਨ ਦੇ ਪੱਟੀ ਵਿਖੇ ਜੂਨ, 2021 ਵਿੱਚ ਹੋਏ ਦੋਹਰੇ ਕਤਲ ਕੇਸ, ਸਾਲ 2020 ਵਿਚ ਲੁਧਿਆਣਾ ਵਿਖੇ ਹੋਈ ਢਾਈ ਕਿਲੋ ਸੋਨੇ ਦੀ ਡਕੈਤੀ ਤੋਂ ਇਲਾਵਾ ਕਤਲ, ਕਤਲ ਦੀ ਕੋਸ਼ਿਸ਼, ਕਾਰ ਖੋਹਣ ਤੇ ਜਬਰੀ ਲੁੱਟ ਦੇ ਕਈ ਮਾਮਲਿਆਂ ਸਮੇਤ ਹੋਰ ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦੇ ਸਨ।ਤੀਸਰੇ ਮੁਲਜ਼ਮ ਦੀ ਪਹਿਚਾਣ ਗੁਰਲਾਲ ਸਿੰਘ ਵਾਸੀ ਪਿੰਡ ਕਮਾਲਪੁਰ, ਤਰਨਤਾਰਨ ਵਜੋਂ ਹੋਈ ਹੈ ਜੋ ਕਿ ਉਕਤ ਦੋਵਾਂ ਗੈਂਗਸਟਰਾਂ ਦਾ ਕਰੀਬੀ ਸਾਥੀ ਹੈ ਜਿਸਨੇ ਅਜਨਾਲਾ ਦੇ ਪਿੰਡ ਚਮਿਆਰੀ ਵਿਖੇ ਆਪਣੇ ਸਹੁਰਿਆਂ ਦੇ ਘਰ ਲੁਕਣ ਵਿੱਚ ਇਨਾਂ ਗੈਂਗਸਟਰਾਂ ਦੀ ਮਦਦ ਕੀਤੀ ਸੀ। ਗੁਰਲਾਲ ਪੈਰੋਲ ’ਤੇ ਬਾਹਰ ਹੈ ਅਤੇ ਕਤਲ ਤੇ ਕਤਲ ਦੀ ਕੋਸ਼ਿਸ਼ ਦੇ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਹੈ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਆਪਣੇ ਕੈਨੇਡਾ ਦੇ ਰਹਿਣ ਵਾਲੇ ਸਾਥੀ ਲਖਬੀਰ ਸਿੰਘ ਉਰਫ ਲੰਢਾ ਪੱਟੀ ਨਾਲ ਮਿਲ ਕੇ ਵਿਸ਼ੇਸ਼ ਕਰਕੇ ਅੰਮਿ੍ਰਤਸਰ ਇਲਾਕੇ ਦੇ ਪ੍ਰਮੁੱਖ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਨੂੰ ਫੋਨ ’ਤੇ ਡਰਾ ਧਮਕਾ ਕੇ ਪੈਸੇ ਮੰਗਣ ਵਿੱਚ ਸ਼ਾਮਲ ਸਨ। ਲੰਢਾ ਪੱਟੀ ਜੋ ਕਿ ਪੱਟੀ ਦਾ ਵਸਨੀਕ ਹੈ, ਇਸ ਸਮੇਂ ਕਨੈਡਾ ਵਿੱਚ ਹੈ ਅਤੇ ਪੱਟੀ ਵਿਖੇ ਦੋਹਰੇ ਕਤਲ ਕੇਸ ਵਿੱਚ ਲੋੜੀਂਦਾ ਹੈ।ਇਸ ਕਾਰਵਾਈ ਦੇੇ ਵੇਰਵੇ ਸਾਂਝੇ ਕਰਦਿਆਂ ਉਨਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਸੰਗਠਿਤ ਅਪਰਾਧ ਰੋਕੂ ਇਕਾਈ (ਓ.ਸੀ.ਸੀ.ਯੂ) ਅਤੇ ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਦੋਵਾਂ ਗੈਂਗਸਟਰਾਂ ਨੂੰ ਫੜਨ ਲਈ ਵਿਸ਼ੇਸ਼ ਕਾਰਵਾਈ ਕੀਤੀ।ਉਨਾਂ ਕਿਹਾ ਕਿ ਇਹ ਕਾਰਵਾਈ ਪੁਲਿਸ ਲਈ ਕਾਫ਼ੀ ਚੁਣੌਤੀਪੂਰਨ ਸੀ, ਕਿਉਂਕਿ ਜਿਸ ਘਰ ਵਿਚ ਗੈਂਗਸਟਰਾਂ ਨੇ ਪਨਾਹ ਲਈ ਸੀ, ਉਹ ਬਹੁਤ ਸੰਘਣੀ ਆਬਾਦੀ ਵਾਲੇ ਪਿੰਡ ਵਿਚ ਸੀ ਅਤੇ ਪੁਲਿਸ ਨੂੰ ਇਹ ਇਤਲਾਹ ਵੀ ਸੀ ਕਿ ਗੁਰਲਾਲ ਦਾ ਸਹੁਰਾ ਪਰਿਵਾਰ ਵੀ ਉਸੇ ਘਰ ਵਿਚ ਰਹਿ ਰਿਹਾ ਹੈ।ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਗੈਂਗਸਟਰਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ ਪਰ ਪੁਲਿਸ ਨੇ ਇਹ ਧਿਆਨ ਵਿੱਚ ਰੱਖਦਿਆਂ ਕਿ ਮੁੱਠਭੇੜ ਵਿੱਚ ਕੋਈ ਸਥਾਨਕ ਪਿੰਡ ਵਾਸੀ ਜਖ਼ਮੀ ਨਾ ਹੋ ਜਾਵੇ, ਠਰੰਮੇ ਤੋਂ ਕੰਮ ਲੈਂਦਿਆਂ ਕਿਸੇ ਵੀ ਤਰਾਂ ਦੀ ਜਵਾਬੀ ਗੋਲੀਬਾਰੀ ਤੋਂ ਟਾਲਾ ਵੱਟਦਿਆਂ ਪੁਲਿਸ ਨੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਮਨਾਉਣ ਦਾ ਫੈਸਲਾ ਕੀਤਾ ਅਤੇ ਇਸ ਦੌਰਾਨ ਉਨਾਂ ਨੇ ਸਥਾਨਕ ਪਿੰਡ ਵਾਸੀਆਂ ਦੀ ਮਦਦ ਵੀ ਲਈ।ਉਨਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਪਾਸੋਂ ਇੱਕ ਸਵਿਫਟ ਕਾਰ, .12 ਬੋਰ ਰਾਈਫਲ, ਤਿੰਨ .32 ਬੋਰ ਪਿਸਤੌਲ, ਇੱਕ .315 ਬੋਰ ਦੇਸੀ ਪਿਸਤੌਲ, ਇੱਕ 9 ਐਮ.ਐਮ. ਪਿਸਤੌਲ ਅਤੇ ਗੋਲੀ ਸਿੱਕੇ ਤੋਂ ਇਲਾਵਾ ਤਿੰਨ ਮੋਬਾਈਲ ਫੋਨ ਅਤੇ ਦੋ ਡੌਂਗਲਾਂ ਵੀ ਬਰਾਮਦ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਪੁਲਿਸ ਨੇ ਗੁਰਲਾਲ ਨੂੰ ਤਰਨਤਾਰਨ ਦੇ ਕਮਾਲਪੁਰ ਵਿਖੇ ਉਸਦੇ ਘਰ ਤੋਂ ਗਿ੍ਰਫਤਾਰ ਕੀਤਾ।