ਫਰਿਜ਼ਨੋ, 25 ਅਕਤੂਬਰ-ਮਰੀਕਾ ਦੇ ਟੈਕਸਾਸ ਵਿੱਚ ਡਰੈਗ ਰੇਸਿੰਗ ਈਵੈਂਟ ਵਿੱਚ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਦਰਸ਼ਕਾਂ ਤੇ ਚੜ੍ਹ ਗਈ ਜਿਸ ਕਰਕੇ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਗਏ। ਇਹ ਹਾਦਸਾ ਏਅਰਪੋਰਟ ਰੇਸ ਵਾਰਜ਼ 2 ਨਾਂ ਦੇ ਸਮਾਗਮ ਵਿੱਚ ਹੋਇਆ ਜੋ ਕਿ ਸਾਨ ਐਂਟੋਨੀਓ ਦੇ ਉੱਤਰ-ਪੱਛਮ ਵਿੱਚ ਕੇਰਵਿਲੇ-ਕੇਰ ਕਾਉਂਟੀ ਏਅਰਪੋਰਟ ਤੇ ਆਯੋਜਿਤ ਕੀਤਾ ਜਾ ਰਿਹਾ ਸੀ।
ਕੇਰਵਿਲੇ ਪੁਲੀਸ ਵਿਭਾਗ ਅਨੁਸਾਰ ਇੱਕ ਦੌੜ ਵਿੱਚ ਹਿੱਸਾ ਲੈ ਰਹੀ ਇੱਕ ਕਾਰ ਰਨਵੇਅ ਤੋਂ ਬਾਹਰ ਚਲੀ ਗਈ ਅਤੇ ਕਈ ਪਾਰਕ ਕੀਤੇ ਵਾਹਨਾਂ ਅਤੇ ਰੇਸ ਨੂੰ ਵੇਖ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ 8 ਸਾਲਾ ਅਤੇ 6 ਸਾਲਾ ਲੜਕੇ ਦੀ ਮੌਤ ਹੋ ਗਈ। ਕੇਰਵਿਲੇ ਪੁਲੀਸ ਦੇ ਅਨੁਸਾਰ ਦੋ ਮੌਤਾਂ ਤੋਂ ਇਲਾਵਾ ਚਾਰ ਵਿਅਕਤੀਆਂ ਨੂੰ ਆਸਟਿਨ, ਸਾਨ ਐਂਟੋਨੀਓ ਵਿੱਚ ਨੇੜਲੀਆਂ ਮੈਡੀਕਲ ਸਹੂਲਤਾਂ ਲਈ ਏਅਰਲਿਫਟ ਕੀਤਾ ਗਿਆ। 34 ਸਾਲਾ ਕਾਰ ਡਰਾਈਵਰ ਨੂੰ ਵੀ ਸਾਨ ਐਂਟੋਨੀਓ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਕੇਰਵਿਲੇ ਪੁਲੀਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।