ਸਿਡਨੀ, 8 ਅਕਤੂਬਰ – ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਨੇ ਤਾਇਵਾਨ ਦੀ ਯਾਤਰਾ ਦੌਰਾਨ ਚੀਨ ਤੇ ਦੋਸ਼ ਲਾਇਆ ਕਿ ਉਹ ਦੂਜਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਨਾਲ ਹੀ ਟਾਪੂ ਦੇਸ਼ ਨਾਲ ਇਕਜੁੱਟਤਾ ਪ੍ਰਗਟਾਈ। ਐਬੋਟ ਨੇ ਤਾਇਵਾਨ ਵਿੱਚ ਆਯੋਜਿਤ ਇੱਕ ਕਾਨਫਰੰਸ ਵਿੱਚ ਕਿਹਾ ਕਿ ਦਬਾਅ ਬਣਾਉਣ ਲਈ ਫਿਲਹਾਲ ਤਾਇਵਾਨ ਨਾਲ ਇਕਜੁੱਟਤਾ ਦਿਖਾਉਣ ਤੋਂ ਇਲਾਵਾ ਹੋਰ ਕੁਝ ਲਾਭਦਾਇਕ ਨਹੀਂ ਹੋਵੇਗਾ।
ਚੀਨ ਸਵੈ-ਸ਼ਾਸਿਤ ਤਾਇਵਾਨ ਨੂੰ ਆਪਣਾ ਖੇਤਰ ਦੱਸਦਾ ਹੈ ਅਤੇ ਇਸ ਲਈ ਟਾਪੂ ਨਾਲ ਕਿਸੇ ਵੀ ਅੰਤਰਾਸ਼ਟਰੀ ਸੰਬੰਧ ਦਾ ਵਿਰੋਧ ਕਰਦਾ ਹੈ ਜਿਵੇਂ ਕਿ ਵਿਦੇਸ਼ੀ ਸਰਕਾਰੀ ਅਧਿਕਾਰੀਆਂ ਦੀ ਯਾਤਰਾ। ਤਾਇਵਾਨ ਦੀ ਫ਼ੌਜ ਨੂੰ ਪਰੇਸ਼ਾਨ ਕਰਦਿਆਂ ਚੀਨ ਨੇ ਕਈ ਵਾਰ ਲੜਾਕੂ ਜਹਾਜ਼ਾਂ ਨੂੰ ਤਾਇਪੇ ਵੱਲ ਉਡਾਇਆ। ਐਬੋਟ ਨੇ ਇਹ ਟਿੱਪਣੀ ਤਾਇਵਾਨੀ ਸਰਕਾਰ ਦੁਆਰਾ ਸਮਰਥਿਤ ਇੱਕ ਥਿੰਕ-ਟੈਂਕ ਦੀ ਕਾਨਫਰੰਸ ਵਿੱਚ ਕੀਤੀ। ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਐਬੋਟ ਦੀ ਤਾਇਵਾਨ ਫੇਰੀ ਅਣਅਧਿਕਾਰਤ ਹੈ।
ਤਾਇਵਾਨ ਦੇ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਸੰਮੇਲਨ ਦੀ ਸ਼ੁਰੂਆਤ ਸੰਜਮ ਵਾਲੇ ਭਾਸ਼ਣ ਨਾਲ ਕੀਤੀ, ਜਿਸ ਵਿੱਚ ਚੀਨ ਦਾ ਕੋਈ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ। ਉਹਨਾਂ ਨੇ ਚੀਨ ਦਾ ਜ਼ਿਕਰ ਨਹੀਂ ਕੀਤਾ ਪਰ ਕਿਹਾ ਕਿ ਤਾਇਵਾਨ ਦੱਖਣੀ ਚੀਨ ਸਾਗਰ ਅਤੇ ਜਲਡਮਰੂਮੱਧ ਵਿੱਚ ਹਥਿਆਰਬੰਦ ਸੰਘਰਸ਼ ਨੂੰ ਰੋਕਣ ਲਈ ਖੇਤਰੀ ਤਾਕਤਾਂ ਨਾਲ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।