ਫਰੀਦਕੋਟ 01 ਅਕਤੂਬਰ 2021 – ਨਹਿਰੂ ਯੁਵਾ ਕੇਂਦਰ ਵੱਲੋਂ ਜਿਲਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਤੇ ਖੇਡ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ 1 ਅਕਤੂਬਰ ਤੋਂ 31 ਅਕਤੂਬਰ ਤੱਕ ਪੂਰੇ ਫਰੀਦਕੋਟ ਜਿਲੇ ਵਿੱਚ ਸਵੱਛ ਭਾਰਤ (ਕਲੀਨ ਇੰਡੀਆ) ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੀਤੀ ਗਈ ।ਡਿਪਟੀ ਕਮਿਸ਼ਨਰ ਵੱਲੋਂ ਨਹਿਰੂ ਯੁਵਾ ਕੇਂਦਰ ਫਰੀਦਕੋਟ ਦੇ ਨੋਜਵਾਨਾਂ ਦੇ ਇਕ ਗਰੁੱਪ ਨੂੰ ਸ਼ਹਿਰ ਦੀ ਸਫਾਈ ਲਈ ਅਤੇ ਸਫਾਈ ਰੱਖਣ ਦਾ ਸੰਦੇਸ਼ ਦਿੰਦੀ ਟੀ-ਸ਼ਰਟ ਅਤੇ ਬੈਜ ਲਗਾਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਚਲਾਈ ਗਈ ਇਸ ਮੁਹਿੰਮ ਵਿੱਚ ਜਿਲੇ ਦੇ ਸਮੂਹ ਵਿਭਾਗਾਂ ਤੋਂ ਇਲਾਵਾ, ਧਾਰਮਿਕ ਸਵੈ-ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਜਿਲਾ ਯੂਥ ਕੁਆਰਡੀਨੇਟਰ ਸ੍ਰੀ ਲਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਤਹਿਤ ਪੂਰੇ ਜਿਲੇ ਦੇ ਹਰੇਕ ਸ਼ਹਿਰ, ਪਿੰਡ, ਮੁਹੱਲੇ ਵਿੱਚ ਇਸ ਸਕੀਮ ਨੂੰ ਚਲਾਇਆ ਜਾਵੇਗਾ। ਜਿਸ ਤਹਿਤ ਨਹਿਰੂ ਯੁਵਾ ਕੇਂਦਰ ਫਰੀਦਕੋਟ ਵੱਲੋਂ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਸਿੱਖਿਆ ਵਿਭਾਗ, ਪੇਂਡੂ ਵਿਕਾਸ ਵਿਭਾਗ, ਖੇਡ ਵਿਭਾਗ, ਆਂਗਣਵਾੜੀ ਸੈਂਟਰਾਂ ਦੇ ਸਾਰੇ ਵਿਭਾਗਾਂ, ਦਫਤਰਾਂ ਸਮੇਤ ਹਰੇਕ ਪਿੰਡ ਅਤੇ ਸ਼ਹਿਰ ਦੇ ਗਲੀ ਮੁਹੱਲਿਆ ਵਿੱਚ ਚਲਾਈ ਜਾਵੇਗੀ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਇਸ ਸਵੱਛ ਭਾਰਤ ਮੁਹਿੰਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇਣ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਜਿਲਾ ਯੂਥ ਕੁਆਰਡੀਨੇਟਰ ਸ੍ਰੀ ਲਖਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਫਾਈ ਮੁਹਿੰਮ ਤਹਿਤ ਪਾਲੀਥੀਨ, ਪਲਾਸਟਿਕ, ਰਬੜ, ਕੱਚ ਸਮੇਤ ਹਰ ਤਰ੍ਹਾਂ ਦਾ ਸੁੱਕਾ ਕੂੜਾ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੂਰੇ ਦੇਸ਼ ਵਿੱਚ ਇਕਸਾਰ ਚੱਲੇਗੀ ਤੇ ਇਸ ਵਿੱਚ ਜਿਲੇ ਦੇ ਸਰਕਾਰੀ ਵਿਭਾਗਾਂ ਤੋਂ ਇਲਾਵਾ ਸਮੂਹ ਯੂਥ ਕਲੱਬਾਂ, ਐਨ.ਐਸ.ਐਸ. ਯੂਨਿਟਾਂ, ਨਹਿਰੂ ਯੂਥ ਕੇਂਦਰ ਦੀਆਂ ਕਲੱਬਾਂ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਸਵੈ ਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ ਅਤੇ ਇਸ ਨੂੰ ਜਨ ਲਹਿਰ ਬਣਾਇਆ ਜਾਵੇਗਾ।