ਮੋਹਾਲੀ, 29 ਸਤੰਬਰ 2021 – ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਮੈਡੀਕਲ ਕਾਲਜ ਨੂੰ ਮਨਜ਼ੂਰੀ ਦੇਣ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਮੈਡੀਕਲ ਕਾਲਜ ਕੰਪਲੈਕਸ ਨਾਲ ਸਬੰਧਤ ਸਾਰੇ ਕੰਮਾਂ ਨੂੰ ਛੇਤੀ ਪੂਰਾ ਕਰਨ ਲਈ ਕਾਰਵਾਈ ਵਿੱਢ ਦਿੱਤੀ ਹੈ।
ਮੈਡੀਕਲ ਕਾਲਜ ਵਾਲੀ ਥਾਂ ਉਤੇ ਜਾ ਕੇ ਰਹਿੰਦੇ ਕੰਮਾਂ ਦੀ ਕੀਤੀ ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੂੰ ਵਿੱਦਿਅਕ ਸਾਲ 2021-22 ਦੌਰਾਨ ਐਮ.ਬੀ.ਬੀ.ਐਸ. ਦੀਆਂ 100 ਸੀਟਾਂ ਉਤੇ ਦਾਖਲਿਆਂ ਨਾਲ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਥਾ ਦੀਆਂ ਸਾਰੀਆਂ ਸਮੀਖਿਆ ਰਿਪੋਰਟਾਂ ਸ਼ਾਨਦਾਰ ਪਾਏ ਜਾਣ ਤੋਂ ਬਾਅਦ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਸ ਕਾਲਜ ਨੂੰ ਮਨਜ਼ੂਰੀ ਦਿੱਤੀ ਹੈ।
ਇਸ ਮੈਡੀਕਲ ਸੰਸਥਾ ਨੂੰ ਪੰਜਾਬ ਲਈ ਮਾਣ ਵਾਲੀ ਗੱਲ ਦੱਸਦਿਆਂ ਸ੍ਰੀਮਤੀ ਕਾਲੀਆ ਨੇ ਕਿਹਾ ਕਿ ਰਾਜ ਨੂੰ 48 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਬਾਬਾ ਸਾਹਿਬ ਦੇ ਨਾਂ ‘ਤੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਵਾਨਗੀ ਮਿਲੀ ਹੈ ਅਤੇ ਇਹ ਜ਼ਿਲ੍ਹੇ ਤੇ ਆਮ ਲੋਕਾਂ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਅਤਿ ਆਧੁਨਿਕ ਮੈਡੀਕਲ ਸਿੱਖਿਆ ਸਹੂਲਤਾਂ ਦੇ ਨਾਲ ਨਾਲ ਵਿਸ਼ਵ ਪੱਧਰੀ ਡਾਕਟਰੀ ਸਹੂਲਤਾਂ ਪ੍ਰਾਪਤ ਹੋਣਗੀਆਂ।
ਕਾਲਜ ਦੀ ਇਮਾਰਤ ਦੀ ਡਰਾਇੰਗ ਦੀ ਘੋਖ ਕਰਦਿਆਂ ਸ੍ਰੀਮਤੀ ਕਾਲੀਆ ਨੇ ਕਿਹਾ ਕਿ ਸਾਰੇ ਸਿਵਲ ਅਤੇ ਹੋਰ ਕੰਮ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ ਤਾਂ ਜੋ ਨੀਟ ਦੇ ਨਤੀਜੇ ਤੋਂ ਬਾਅਦ ਇਸ ਅਕਾਦਮਿਕ ਸੈਸ਼ਨ ਤੋਂ ਕਲਾਸਾਂ ਸਮੇਂ ਸਿਰ ਸ਼ੁਰੂ ਕੀਤੀਆਂ ਜਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਪਾਰਕਿੰਗ ਨਾਲ ਸਬੰਧਤ ਕੰਮ ਤੇਜ਼ ਕੀਤਾ ਜਾਵੇ ਅਤੇ ਹੋਸਟਲ ਦੇ ਕਮਰੇ ਵਿਦਿਆਰਥੀਆਂ ਦੇ ਰਹਿਣ ਲਈ ਤਿਆਰ ਬਰ ਤਿਆਰ ਹੋਣ। ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਭਵਨੀਤ ਭਾਰਤੀ ਨੇ ਦੱਸਿਆ ਕਿ ਹੋਸਟਲ ਦੇ 54 ਕਮਰੇ ਤਿਆਰ ਹਨ, ਜੋ 100 ਵਿਦਿਆਰਥੀਆਂ ਨੂੰ ਅਲਾਟ ਹੋਣਗੇ। ਉਨ੍ਹਾਂ ਦੱਸਿਆ ਕਿ ਇਕ ਇਕ ਕਮਰਾ ਦੋ ਵਿਦਿਆਰਥੀਆਂ ਨੂੰ ਸਾਂਝੇ ਤੌਰ ਉਤੇ ਅਲਾਟ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ (ਡੀ) ਡਾ ਹਿਮਾਂਸ਼ੂ ਅਗਰਵਾਲ ਦੀ ਹਾਜ਼ਰੀ ਵਿੱਚ ਸ੍ਰੀਮਤੀ ਕਾਲੀਆ ਨੇ ਫੰਡਾਂ ਦੀ ਅਲਾਟਮੈਂਟ ਅਤੇ ਹਰੇਕ ਮਦ ਦੇ ਆਧਾਰ ਉਤੇ ਇਸ ਦੀ ਅਲਾਟਮੈਂਟ ਬਾਰੇ ਵੀ ਪੁੱਛ ਪੜਤਾਲ ਕੀਤੀ ਅਤੇ ਕਿਹਾ ਕਿ ਕਾਲਜ ਲਈ ਚੋਖੇ ਫੰਡ ਉਪਲਬਧ ਹਨ, ਜਿਨ੍ਹਾਂ ਦੀ ਤਰਕਸੰਗਤ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਹਰਬੰਸ ਸਿੰਘ ਅਤੇ ਤਹਿਸੀਲਦਾਰ ਵਿਕਾਸ ਸ਼ਰਮਾ ਹਾਜ਼ਰ ਸਨ।