ਸੰਗਰੂਰ, 10 ਜੁਲਾਈ 2020 – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਚ ਕਰਵਾਏ ਜਾ ਰਹੇ, ਵਿਦਿਅਕ ਮੁਕਾਬਲਿਆਂ ਨੂੰ ਰਾਜ ਭਰ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਚ ਉਲੀਕੇ ਗਏ 11 ਮੁਕਾਬਲਿਆਂ ਦੀਆਂ ਪੇਸ਼ਕਾਰੀਆਂ ਦਾ ਵਿਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਉਸਤਤ, ਸਿੱਖਿਆਵਾਂ ਤੇ ਕੁਰਬਾਨੀ ‘ਤੇ ਅਧਾਰਤ ਰੱਖਿਆ ਗਿਆ ਹੈ।
ਰਾਜ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ 6 ਜੁਲਾਈ ਤੋਂ ਸ਼ੁਰੂ ਕੀਤੇ ਗਏ ਇੰਨ੍ਹਾਂ ਆਨਲਾਈਨ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਤੋਂ ਹੋਈ ਹੈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ੍ਰ ਮਲਕੀਤ ਸਿੰਘ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ) ਡਾ. ਪ੍ਰਭਸਿਮਰਨ ਕੌਰ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਪਹਿਲੇ ਗੇੜ ਤਹਿਤ 11 ਜੁਲਾਈ ਤੱਕ ਵਿਦਿਆਰਥੀ ਕਲਾਕਾਰਾਂ ਵੱਲੋਂ ਸਕੂਲ ਪੱਧਰੀ ਮੁਕਾਬਲੇ ਲਈ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਨਾਲ ਸਬੰਧਤ ਸ਼ਬਦ ਗਾਇਨ ਦੀਆਂ ਵੀਡੀਓਜ਼ ਵੱਖ—ਵੱਖ ਸ਼ੋਸ਼ਲ ਮੀਡੀਆ ਸਾਧਨਾਂ ਤੇ ਅਪਲੋਡ ਕੀਤੀਆਂ ਜਾ ਰਹੀਆਂ ਹਨ। ਜਿੰਨ੍ਹਾਂ ਦਾ ਮੁਲਾਂਕਣ ਕਰਕੇ, 12 ਜੁਲਾਈ ਨੂੰ ਸਕੂਲ ਪੱਧਰ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।
ਇਹ ਮੁਕਾਬਲੇ 6 ਵਰਗਾਂ ਚ ਹੋ ਰਹੇ ਹਨ ਜਿੰਨ੍ਹਾਂ ਚ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਵਿੰਗ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵੀ ਵੱਖਰੇ ਤੌਰ ਤੇ ਤਿੰਨੇ ਵਰਗਾਂ ਚ ਆਪਣੀ ਕਲਾ ਦਿਖਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਸੰਗਰੂਰ ਜਿਲ੍ਹੇ ਚੋਂ 66 ਵਿਦਿਆਰਥੀਆਂ ਨੇ ਆਪਣੀਆਂ ਵੀਡੀਓਜ਼ ਅਪਲੋਡ ਕਰ ਦਿੱਤੀਆਂ ਹਨ। ਇਸ ਸਬੰਧੀ ਜਿਲ੍ਹਾ ਨੋਡਲ ਅਫਸਰ (ਸੈ.) ਸ੍ਰੀਮਤੀ ਸੁਖਵਿੰਦਰ ਕੌਰ, ਐਲੀਮੈਂਟਰੀ ਵਿੰਗ ਦੇ ਨੋਡਲ ਅਫਸਰ ਸ੍ਰੀ ਅਭਿਨਵ ਜੈਦਕਾ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਤੇ ਮਾਪਿਆਂ ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਮੁਕਾਬਲ਼ਿਆਂ ਦੀ ਖੂਬੀ ਇਹ ਹੈ ਕਿ ਵਿਦਿਆਰਥੀ ਘਰਾਂ ਚ ਬੈਠੇ ਹੀ ਆਨਲਾਈਨ ਵਿਦਿਅਕ ਮੁਕਾਬਲਿਆਂ ‘ਚ ਹਿੱਸਾ ਲੈ ਰਹੇ ਹਨ। ਵਿਦਿਆਰਥੀਆਂ ਨੂੰ ਨਾਲੋ-ਨਾਲ ਹੀ ਖੂਬਸੂਰਤ ਸਰਟੀਫਿਕੇਟ ਆਨਲਾਈਨ ਮਹੱਈਆ ਕਰਵਾਏ ਜਾ ਰਹੇ ਹਨ।