ਬਰਨਾਲਾ, 29 ਸਤੰਬਰ 2021 – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵੱਲੋਂ ਅੱਜ ਆਤਮਾ ਸਕੀਮ ਤਹਿਤ ਮਹਿਲਾ ਕਿਸਾਨ ਸੈਲਫ਼ ਹੈਲਪ ਗਰੁੱਪਾਂ ਨੂੰ ਅੱਜ 435 ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਮੁਫ਼ਤ ਤਕਸੀਮ ਕੀਤੀਆਂ ਗਈਆਂ।ਇਨ੍ਹਾਂ ਕਿੱਟਾਂ ਦੀ ਵੰਡ ਸ੍ਰੀ ਨਵਲ ਰਾਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਹਰੇਕ ਪਰਿਵਾਰ ਲਈ ਘਰੇਲੂ ਬਗੀਚੀ ਬਹੁਤ ਅਹਿਮ ਹੈ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਅਨੁਸਾਰ ਥੋੜ੍ਹੀ ਜਗ੍ਹਾ ਵਿੱਚ ਵੀ ਸਬਜ਼ੀਆਂ ਉਗਾ ਸਕਦਾ ਹੈ।
ਇਸ ਮੌਕੇ ਡਾ. ਚਰਨਜੀਤ ਸਿੰਘ ਕੈਂਥ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ ਤੇ ਕਿਸਾਨ ਜਾਗਰੂਕਤਾ ਕੈਂਪਾਂ ਰਾਹੀਂ ਵੀ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਸਬਜ਼ੀਆਂ, ਫ਼ਲਾਂ ਅਤੇ ਹੋਰ ਘਰੇਲੂ ਉਤਪਾਦ ਤਿਆਰ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਹਰੇਕ ਪਰਿਵਾਰ ਨੂੰ ਆਪਣੇ ਹੱਥੀਂ ਸਬਜ਼ੀਆਂ ਦੀ ਕਾਸ਼ਤ ਕਰਕੇ ਜਿਥੇ ਉਸ ਨੂੰ ਜਹਿਰ ਮੁਕਤ ਸਬਜ਼ੀ ਪ੍ਰਾਪਤ ਹੁੰਦੀ ਹੈ ਉਥੇ ਉਸ ਦਾ ਖਰਚਾ ਵੀ ਘੱਟ ਜਾਂਦਾ ਹੈ।
ਬਾਗਬਾਨੀ ਵਿਕਾਸ ਅਫ਼ਸਰ ਸ੍ਰੀਮਤੀ ਨਰਪਿੰਦਰਜੀਤ ਕੌਰ ਨੇ ਸ਼ਬਜੀਆਂ ਦੀ ਕਾਸ਼ਤ ਸਬੰਧੀ ਕੁਝ ਤਕਨੀਕੀ ਨੁਕਤੇ ਵੀ ਕਿਸਾਨ ਬੀਬੀਆਂ ਨਾਲ ਸਾਂਝੇ ਕੀਤੇ । ਇਸ ਮੌਕੇ ਕਿਸਾਨ ਬੀਬੀਆਂ ਵਿੱਚ ਹਰਦੀਪ ਕੌਰ, ਸੰਦੀਪ ਕੌਰ, ਕੁਲਵਿੰਦਰ ਕੌਰ, ਜਸਵੀਰ ਕੌਰ ਤੋਂ ਇਲਾਵਾ ਸੰਜੀਵ ਤਾਇਲ ਜ਼ਿਲ੍ਹਾ ਲੇਖਾਕਾਰ ਆਦਿ ਵੀ ਹਾਜ਼ਰ ਸਨ।