ਮੋਹਾਲੀ, 29 ਸਤੰਬਰ 2021 – ਚੋਣ ਤਿਆਰੀਆਂ ਦੀ ਹਕੀਕੀ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅੱਜ ਚੋਣ ਕਮਿਸ਼ਨ ਦੇ ਫ਼ੇਜ਼-7 ਵਿੱਚ ਸਥਿਤ ਗੁਦਾਮ ਦਾ ਦੌਰਾ ਕੀਤਾ, ਜਿੱਥੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ। ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਤਿਆਰੀਆਂ ਦੀ ਸਮੀਖਿਆ ਵੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਈਵੀਐਮਜ਼ ਅਤੇ ਵੀਵੀਪੈਟਸ ਤੋਂ ਇਲਾਵਾ ਕੁੱਲ 1284 ਕੰਟਰੋਲ ਯੂਨਿਟ, 1769 ਬੈਲਟ ਯੂਨਿਟ ਅਤੇ 1383 ਵੀਵੀਪੈਟਸ ਜ਼ਿਲ੍ਹੇ ਕੋਲ ਉਪਲਬਧ ਸਨ ਅਤੇ ਇਨ੍ਹਾਂ ਦੀ ਪਹਿਲੀ ਜਾਂਚ (ਐਫਐਲਸੀ) ਵੋਟਿੰਗ ਦੌਰਾਨ ਇਨ੍ਹਾਂ ਯੂਨਿਟਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਲਈ 30 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਵਰਤੇ ਜਾਣ ਵਾਲੇ ਸਾਰੇ ਉਪਕਰਨਾਂ ਦੀ ਲਾਜ਼ਮੀ ਜਾਂਚ ਕੀਤੀ ਜਾਵੇਗੀ।
ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਸਾਰੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਬੈਲਟ ਪੇਪਰਾਂ ਅਤੇ ਬੈਲਟ ਯੂਨਿਟਾਂ ਤੋਂ ਪੁਰਾਣੇ ਟੈਗ ਹਟਾ ਦਿੱਤੇ ਜਾਣਗੇ। ਇਸੇ ਤਰ੍ਹਾਂ, ਕੰਟਰੋਲ ਯੂਨਿਟਾਂ ਤੋਂ ਉਮੀਦਵਾਰਾਂ ਅਤੇ ਪੋਲ ਹੋਈਆਂ ਵੋਟਾਂ ਨੂੰ ਮਿਟਾ ਦਿੱਤਾ ਜਾਵੇਗਾ ਅਤੇ ਜ਼ੀਰੋ ‘ਤੇ ਲਿਆਂਦਾ ਜਾਵੇਗਾ ਅਤੇ ਅਧਿਕਾਰੀ ਯੂਨਿਟਾਂ ਦੇ ਕੰਮਕਾਜ ਦੀ ਵੀ ਜਾਂਚ ਕਰਨਗੇ। ਮੌਕ ਪੋਲਿੰਗ ਕਰਵਾ ਕੇ ਵੀਵੀਪੈਟਸ ਦੇ ਕੰਮਕਾਜ ਦੀ ਜਾਂਚ ਵੀ ਕੀਤੀ ਜਾਵੇਗੀ।
ਸ੍ਰੀਮਤੀ ਕਾਲੀਆ ਨੇ ਕਿਹਾ ਕਿ ਪਹਿਲੀ ਚੈਕਿੰਗ ਅਗਾਊਂ ਕੀਤੀ ਜਾ ਰਹੀ ਹੈ ਤਾਂ ਜੋ ਸਾਰੀਆਂ ਚੈਕਿੰਗਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਬਿਨਾਂ ਕਿਸੇ ਕਾਹਲੀ ਦੇ ਨੇਪਰੇ ਚੜ੍ਹ ਸਕਣ। ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 902 ਪੋਲਿੰਗ ਬੂਥ ਹਨ। ਹਾਲਾਂਕਿ, ਪੋਲਿੰਗ ਬੂਥਾਂ ਦੀ ਗਿਣਤੀ ਅਸਥਾਈ ਹੈ ਕਿਉਂਕਿ ਚੋਣ ਕਮਿਸ਼ਨ ਨੇ ਅਜੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਇਸ ਦੌਰਾਨ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਅਤੇ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲਸ (ਵੀਵੀਪੈਟਸ) ਦੀ ਪਹਿਲੀ ਜਾਂਚ (ਐਫਐਲਸੀ) 30 ਸਤੰਬਰ ਤੋਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸ਼ੁਰੂ ਹੋਵੇਗੀ।