ਨੁਆਪਾੜਾ (ਉੜੀਸਾ), 15 ਜੂਨ, 2020 : ਇਕ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਵਿਚ ਇਕ ਮਹਿਲਾ ਪੈਨਸ਼ਨ ਕਢਵਾਉਣ ਲਈ ਆਪਣੀ 120 ਸਾਲਾ ਮਾਂ ਨੂੰ ਮੰਜੇ ‘ਤੇ ਪਾ ਕੇ ਘੜੀਸ ਕੇ ਬੈਂਕ ਲੈ ਗਈ। ਇਹ ਘਟਨਾ ਉੜੀਸਾ ਦੇ ਨੁਆਪਾੜਾ ਵਿਚ ਵਾਪਰੀ। ਉਸਨੇ ਅਜਿਹਾ ਇਸ ਵਾਸਤੇ ਕੀਤਾ ਕਿਉਂਕਿ ਬੈਂਕ ਨੇ ਕਿਹਾ ਸੀ ਕਿ ਪੈਸੇ ਕਢਵਾਉਣ ਲਈ ਖਾਤਾ ਧਾਰਕ ਖੁਦ ਆਉਣਾ ਚਾਹੀਦਾ ਹੈ।
120 ਸਾਲਾ ਮਾਂ ਦੀ ਪਛਾਣ ਲਾਭੇ ਬਘੇਲ ਵਜੋਂ ਹੋਈ ਹੈ ਜਦਕਿ ਉਸਦੀ 70 ਸਾਲਾ ਧੀ ਦੀ ਪਛਾਣ ਗੁੰਜਾ ਦੇਈ ਵਜੋਂ ਹੋਈਹੈ। ਘਟਨਾ ਪਿੰਡ ਬਾਰਾਗਨ ਬਲਾਕ ਖਰੀਆਰ ਵਿਚ ਵਾਪਰੀ । ਸਥਾਨਕ ਵਿਧਾਇਕ ਰਾਜੂ ਧੋਲਕੀਆ ਨੇ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਮਾਮਲੇ ਦੀ ਜਾਂਚ ਕਰਵਾਉਣ ਵਾਸਤੇ ਆਖਿਆ ਹੈ।
ਜਾਣਕਾਰੀ ਮੁਤਾਬਕ ਬਜ਼ੁਰਗ ਮਹਿਲਾ ਨੇ ਆਪਣੀ ਧੀ ਨੂੰ 1500 ਰੁਪਏ ਆਪਣੇ ਪੈਨਸ਼ਨ ਖਾਤੇ ਵਿਚੋਂ ਕਢਵਾਉਣ ਲਈ ਭੇਜਿਆ ਸੀ ਪਰ ਬੈਂਕ ਵਾਲਿਆਂ ਨੇ ਕਹਿ ਦਿੱਤਾ ਕਿ ਖਾਤਾ ਧਾਰਕ ਆਪ ਆਪੇ। ਇਸ ਮਗਰੋਂ ਗੁੰਜਾ ਦੇਈ ਆਪਣੀ ਮਾਂ ਨੂੰ ਮੰਜੇ ‘ਤੇ ਪਾ ਕੇ ਬੈਂਕ ਘੜੀਸ ਲੈ ਗਈ। ਦੋਵਾਂ ਦੀ ਹਾਲਤ ਵੇਖ ਕੇ ਬੈਂਕ ਨੇ ਪੈਨਸ਼ਨ ਦੇ ਦਿੱਤੀ। ਘਟਨਾ ਦੀ ਵੀਡੀਓ ਖੂਬ ਵਾਇਰਲ ਹੋਈ ਹੈ।