ਬਠਿੰਡਾ, 18 ਅਕਤੂਬਰ 2023:ਖੇਡਾਂ ਵਤਨ ਪੰਜਾਬ ਦੀਆਂ ਸੀਜਨ 2 ਵਿਚ ਪੰਜਾਬ ਪੱਧਰੀ ਬਾਕਸਿੰਗ ਮੁਕਾਬਲੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਪੰਜਾਬ ਸਰਕਾਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜਿਲਾ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਅਤੇ ਜਿਲਾ ਖੇਡ ਅਫਸਰ ਬਠਿੰਡਾ ਸ਼੍ਰੀ ਪਰਮਿੰਦਰ ਸਿੰਘ ਦੀ ਦੇਖ ਰੇਖ ਵਿਚ ਤੀਜੇ ਦਿਨ ਅਮਨ ਅਮਾਨ ਨਾਲ ਚੱਲ ਰਹੀਆਂ ਹਨ। ਰਾਜ ਪੱਧਰੀ ਪਾਵਰ ਲਿਫਟਿੰਗ ਖੇਡਾਂ ਵੀ ਸ਼ੁਰੂ ਹੋ ਗਈਆਂ ਹਨ ਜ਼ਿਨ੍ਹਾਂ ਦਾ ਰਸਮੀ ਉਦਘਾਟਨ ਸ਼੍ਰੀ ਪਰਮਿੰਦਰ ਸਿੰਘ ਜ਼ਿਲਾ ਖੇਡ ਅਫਸਰ ਬਠਿੰਡਾ ਨੇ ਕੀਤਾ। ਉਨ੍ਹਾਂ ਕਿਹਾ ਕਿ ਖੇਡ ਭਾਵਨਾ ਨਾਲ ਆਪਣੀ ਕਲਾ ਦੇ ਜ਼ੋਹਰ ਦਿਖਾਉਣੇ ਚਾਹੀਦੇ ਹਨ। ਜਿੱਤ ਦਾ ਅਰਥ ਦੂਸਰੀ ਧਿਰ ਦੀ ਹਾਰ ਨਹੀਂ ਹੁੰਦਾ ਸਗੋਂ ਸਾਡੀ ਲਗਨ, ਦਿ੍ਰੜਤਾ ਅਤੇ ਸਿਰੜ ਦਾ ਝੰਡਾ ਬੁਲੰਦ ਹੋਣਾ ਹੁੰਦਾ ਹੈ। ਇਸ ਦੌਰਾਨ ਹਰਪਾਲ ਸਿੰਘ ਐਸ ਐਸ ਪੀ ਵਿਜੀਲੈਸ ਅਤੇ ਗੁਰਮੀਤ ਸਿੰਘ ਏ ਆਈ ਜੀ ਕ੍ਰਾਈਮ ਬ੍ਰਾਂਚ ਉਚੇਚੇ ਤੌਰ ਤੇ ਪੁੱਜੇ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਖੇਡ ਮੈਦਾਨ ਨਾਲ ਜੁੜਣਾ ਅਤੀ ਜ਼ਰੂਰੀ ਹੈ। ਉਨ੍ਹਾਂ ਕੋਚ ਸਾਹਿਬਾਨ ਨੂੰ ਫਰਤੀਲੇ ਰਹਿਣ ਲਈ ਖੁਦ ਗੇਮ ਖੇਡਣ ਅਤੇ ਦੋੜਣ ਦਾ ਅਕਾਦਮਿਕ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੋਚ ਦਾ ਵਧਿਆ ਪੇਟ ਅਤੇ ਢਿਲਕਦਾ ਸਰੀਰ ਸੋਭਾ ਨਹੀਂ ਦਿੰਦੇ।