ਅਹਿਮਦਾਬਾਦ, 13 ਸਤੰਬਰ – ਗੁਜਰਾਤ ਦੇ ਨਵੇਂ ਮੁੱਖ ਮੰਤਰੀ ਵਜੋਂ ਭਪਿੰਦਰ ਪਟੇਲ ਨੇ ਸਹੁੰ ਚੁੱਕ ਲਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਏ। ਭੁਪਿੰਦਰ ਪਟੇਲ ਨੇ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਜਿਕਰਯੋਗ ਹੈ ਕਿ ਭੁਪਿੰਦਰ ਪਟੇਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੀ ਘਾਟਲੋਡੀਆ ਸੀਟ ਤੋਂ ਪਹਿਲੀ ਵਾਰ ਚੋਣ ਲੜੇ ਸਨ ਅਤੇ ਜਿੱਤੇ ਸਨ। ਉਨ੍ਹਾਂ ਨੇ ਕਾਂਗਰਸ ਦੇ ਸ਼ਸ਼ੀਕਾਂਤ ਪਟੇਲ ਨੂੰ 1 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ, ਜੋ ਉਸ ਚੋਣਾਂ ਵਿੱਚ ਜਿੱਤ ਦਾ ਸਭ ਤੋਂ ਵੱਡਾ ਫ਼ਰਕ ਸੀ। ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਧਾਰੀ ਅਤੇ ਆਪਣੇ ਹਮਾਇਤੀਆਂ ਵਿਚਾਲੇ ਦਾਦਾ ਦੇ ਨਾਂ ਤੋਂ ਬੁਲਾਏ ਜਾਣ ਵਾਲੇ ਪਟੇਲ ਨੂੰ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਅਤੇ ਹੁਣ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦਾ ਕਰੀਬੀ ਮੰਨਿਆ ਜਾਂਦਾ ਹੈ।