ਐਸ ਏ ਐਸ ਨਗਰ, 13 ਸਤੰਬਰ -ਮੁਹਾਲੀ ਵਿਖੇ ਦੇ ਟੀ. ਡੀ. ਆਈ. ਦੇ ਵੱਖ-ਵੱਖ ਸੈਕਟਰਾਂ 110, 111, 116, 117, 118 ਅਤੇ 119 ਦੀਆਂ ਰੈਜੀਡੈਂਟਸ ਵੈਲਫੇਅਰ ਐਸੋਸੀਏਸਨਾਂ ਦੀ ਇਕੱਤਰਤਾ ਸੈਕਟਰ-110 ਦੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਰੈਜ਼ੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ-110, ਐਕਮੇ ਅਫੋਰਡੇਬਲ ਰੈਜੀਡੈਂਸ ਵੈਲਫੇਅਰ ਸੋਸਾਇਟੀ, ਟੀ.ਡੀ.ਆਈ ਰੈਜੀਡੈਂਟਸ ਰਾਈਟਸ ਪੋ੍ਰਟੈਕਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਸੈਕਟਰ-116, ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ 118, ਐਮ ਪੀ 2 ਕਮਰਸ਼ੀਅਲ ਬਾਇਰ ਐਸੋਸੀਏਸ਼ਨ ਅਤੇ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਸੈਕਟਰ-117 ਦੇ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਇਨ੍ਹਾਂ ਐਸੋਸੀਏਸ਼ਨਾਂ ਦੇ ਆਗੂਆਂ ਨੇ ਆਪੋ-ਆਪਣੇ ਸੈਕਟਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਜਿਸ ਵਿੱਚ ਸਾਰੀਆਂ ਐਸਸੀਏਸ਼ਨਾਂ ਦੀਆਂ ਕੁੱਝ ਸਾਂਝੀਆਂ ਸਮੱਸਿਆਵਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਸੜਕਾਂ ਦੀ ਮਾੜੀ ਹਾਲਤ, ਸੀਵਰੇਜ, ਬਿਜਲੀ ਅਤੇ ਪਾਣੀ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਟੀ. ਡੀ. ਆਈ ਦੇ ਬਿਲਡਰ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਵਸਨੀਕਾਂ ਤੋਂ ਵਸੂਲੀਆਂ ਜਾਂਦੀਆਂ ਰਕਮਾਂ ਦੀ ਵੀ ਚਰਚਾ ਕੀਤੀ ਗਈ। ਇਹਨਾਂ ਵਿੱਚ ਨਾ ਮੋੜਨਯੋਗ ਡੀਮਾਰਕੇਸ਼ਨ ਫੀਸ, ਜ਼ਿਆਦਾ ਟਰਾਂਸਫਰ ਫੀਸ, ਨੋਨ ਰਜਿਸਟ੍ਰੇਸ਼ਨ ਪੈਨਾਲਟੀ, ਫਲੈਟ ਮਾਲਕਾਂ ਤੋਂ ਤਿੰਨ ਗੁਣਾ ਕੈਮ ਚਾਰਜਿਜ, ਅਣਅਕਵਾਇਰ ਲੈਂਡ, ਵੱਖ-ਵੱਖ ਸਮੇਂ ਵਿੱਚ ਕੈਮ ਚਾਰਜ ਵਿੱਚ ਵਾਧੇ ਦਾ ਵਿਰੋਧ ਕਰਦਿਆਂ ਨੂਮਾਇੰਦਿਆਂ ਨੇ ਕਿਹਾ ਕਿ ਇਸ ਤਰੀਕੇ ਨਾਲ ਵੰਧ ਵਸੂਲੀ ਕਰਕੇ ਕਾਲੋਨਾਈਜਰਾਂ ਵਲੋਂ ਵਸਨੀਕਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਸਕਿਓਰਿਟੀ ਸਿਸਟਮ ਵਿੱਚ ਅਨੋਕਾਂ ਕਮੀਆਂ ਵੀ ਉਜਾਗਰ ਹੋਈਆਂ। ਐਸੋਸੀਏਸ਼ਨਾਂ ਦੇ ਵੱਖ-ਵੱਖ ਆਗੂਆਂ ਵੱਲੋਂ ਇਹ ਵੀ ਸ਼ੰਕਾ ਜ਼ਾਹਿਰ ਕੀਤਾ ਗਿਆ ਕਿ ਇਸ ਸਾਰੇ ਕੁੱਝ ਵਿੱਚ ਗਮਾਡਾ ਦੇ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਹੋ ਸਕਦੀ ਹੈ ਕਿਉਂਕਿ ਗਮਾਡਾ ਦੀ ਮਿਲੀਭੁਗਤ ਤੋਂ ਬਿਨਾ ਟੀ. ਡੀ. ਆਈ. ਬਿਲਡਰ ਵੱਲੋਂ ਕੀਤੀ ਜਾ ਰਹੀ ਲੁੱਟ ਸੰਭਵ ਨਹੀਂ।
ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਮੁੱਖ ਸਰਕਾਰੀ ਤੋਂ ਪੁਰਜੋਰ ਮੰਗ ਕੀਤੀ ਕਿ ਅਜਿਹੇ ਬਿਲਡਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਗਮਾਡਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦੀ ਜਾਂਚ ਕਰਕੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਟੀ. ਡੀ. ਆਈ ਦੇ ਬਿਲਡਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਸਨੀਕਾਂ ਨੂੰ ਮੁੱਢਲੀਆਂ ਸਹੂਲਤਾਂ ਨਾ ਦਿੱਤੀਆਂ ਗਈਆਂ ਤਾਂ ਸਾਰੀਆਂ ਐਸੋਸੀਏਸ਼ਨਾਂ ਮਿਲ ਕੇ ਸੰਘਰਸ਼ ਕਰਨਗੀਆਂ ਜਿਸ ਦੀ ਜ਼ਿੰਮੇਵਾਰੀ ਬਿਲਡਰ ਦੀ ਹੋਵੇਗੀ।