ਅੰਮ੍ਰਿਤਸਰ, 18 ਜੁਲਾਈ 2024 : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ‘ਆਪ’ ਆਗੂਆਂ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਏ। ਰਾਜ ਸਭਾ ਮੈਂਬਰ ਸੰਜੇ ਸਿੰਘ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਹੁਣ ਮਾਮਲੇ ਦੀ ਅਗਲੀ ਤਰੀਕ ਰੱਖੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਲੇਕਿਨ ਦੂਸਰੇ ਪਾਸੇ ਭਗਵੰਤ ਮਾਨ ਦੀ ਸ਼ਹਿ ਦੇ ਉੱਪਰ ਸਿੱਟ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ 28 ਜੁਲਾਈ ਦੇ ਸੰਮਣ ਭੇਜੇ ਗਏ ਸਨ । ਉਹਨਾਂ ਕਿਹਾ ਕਿ ਜਦ ਕਿ ਉਸ ਤੋਂ ਪਹਿਲਾਂ ਭਗਵੰਤ ਮਾਨ ਦੇ ਸਾਥੀ ਸੰਜੇ ਸਿੰਘ ਮਾਨਯੋਗ ਅਦਾਲਤ ਚ ਪੇਸ਼ ਹੋ ਕੇ ਗਏ ਸੀ ਤਾਂ ਉਹਨਾਂ ਨੇ ਹੀ ਦੱਸਿਆ ਸੀ ਕਿ 18 ਜੁਲਾਈ ਦੀ ਅਗਲੀ ਤਰੀਕ ਤੈਅ ਹੋਈ ਹੈ। ਅਤੇ ਜਾਣ ਬੁਝ ਕੇ ਐਸਆਈਟੀ ਵੱਲੋਂ 18 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
ਉਹਨਾਂ ਕਿਹਾ ਕਿ ਮੈਂ ਆਪਣੇ ਮਾਹਿਰ ਵਕੀਲਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਣਾ ਜਿਆਦਾ ਜਰੂਰੀ ਹੈ। ਜਿਸ ਦੇ ਚਲਦੇ ਅੱਜ ਮੈਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਇਆ ਹਾਂ ਅਤੇ ਹੁਣ ਮਾਣਹਾਣੀ ਕੇਸ ਦੇ ਵਿੱਚ ਅਗਲੀ ਤਰੀਕ 17 ਅਗਸਤ ਦੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਐਸਆਈਟੀ ਭਗਵੰਤ ਮਾਨ ਦਾ ਹੱਥ ਠੋਕਾ ਬਣ ਕੇ ਰਹਿ ਗਈ ਹੈ ਕਿਉਂਕਿ ਗ੍ਰਿਹਿ ਮੰਤਰਾਲਿਆ ਵੀ ਭਗਵੰਤ ਮਾਨ ਦੇ ਕੋਲ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੀ ਜਿੰਮੇਵਾਰੀ ਵੀ ਭਗਵੰਤ ਮਾਨ ਦੇ ਕੋਲ ਹੈ । ਉਹਨਾਂ ਕਿਹਾ ਕਿ ਡੀਜੀਪੀ ਲੈਵਲ ਤੋਂ ਮੇਰੀ ਜਾਂਚ ਸ਼ੁਰੂ ਹੋਈ ਸੀ ਅਤੇ ਹੁਣ ਇੰਸਪੈਕਟਰ ਲੈਵਲ ਤੱਕ ਆ ਗਈ ਹੈ।