ਸ਼੍ਰੀਨਗਰ, 13 ਸਤੰਬਰ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ. ਆਰ. ਪੀ. ਐੱਫ.) ਦੇ ਬੰਕਰ ਕੋਲੋਂ 6 ਗ੍ਰਨੇਡ ਬਰਾਮਦ ਹੋਏ ਹਨ। ਜਿਸ ਨਾਲ ਵੱਡੀ ਤ੍ਰਾਸਦੀ ਹੋਣ ਤੋਂ ਬਚ ਗਈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਅੱਜ ਬੇਮਿਨਾ ਕੋਲ ਗਸ਼ਤੀ ਪੁਲੀਸ ਦਲ ਨੇ ਸੀ. ਆਰ. ਪੀ. ਐੱਫ. ਦੀ 28 ਬਟਾਲੀਅਨ ਦੇ ਬੰਕਰ ਕੋਲੋਂ 6 ਗ੍ਰਨੇਡ ਬਰਾਮਦ ਕੀਤੇ। ਇਸ ਤੋਂ ਬਾਅਦ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਅਤੇ ਪੈਦਲ ਯਾਤਰੀਆਂ ਦੀ ਆਵਾਜਾਈ ਰੋਕ ਦਿੱਤੀ ਗਈ। ਬਾਅਦ ਵਿੱਚ ਸੀ. ਆਰ. ਪੀ. ਐੱਫ. ਬੰਬ ਨਕਾਰਾ ਦਸਤੇ (ਬੀ. ਡੀ. ਐੱਸ.) ਨੇ ਬੰਕਰ ਕੋਲੋਂ ਬਿਨਾਂ ਕਿਸੇ ਨੁਕਸਾਨ ਦੇ ਸਾਰੇ 6 ਗ੍ਰਨੇਡ ਬਰਾਮਦ ਕਰ ਲਏ। ਇਸ ਵਿਚ ਨੇੜੇ-ਤੇੜੇ ਅੱਤਵਾਦੀਆਂ ਦੀ ਮੌਜੂਦਗੀ ਦੇ ਸ਼ੱਕ ਕਾਰਨ ਸੀ. ਆਰ. ਪੀ. ਐੱਫ. ਅਤੇ ਫ਼ੌਜ ਦੇ ਜਵਾਨਾਂ ਨੇ ਕੁਝ ਘੰਟਿਆਂ ਲਈ ਸਰਚ ਆਪਰੇਸ਼ਨ ਵੀ ਚਲਾਇਆ।
ਜਿਕਰਯੋਗ ਹੈ ਕਿ ਬੀਤੇ ਦਿਨ ਸ਼੍ਰੀਨਗਰ ਦੇ ਖਾਨਯਾਰ ਇਲਾਕੇ ਵਿੱਚ ਇਕ ਅੱਤਵਾਦੀ ਹਮਲੇ ਵਿੱਚ ਇਕ ਪੁਲੀਸ ਅਧਿਕਾਰੀ ਜ਼ਖਮੀ ਹੋ ਗਿਆ। ਅਧਿਕਾਰੀਆਂ ਵਿੱਚੋਂ ਇਕ ਨੇ ਦੱਸਿਆ ਕਿ ਕਰੀਬ 1 ਵਜ ਕੇ 35 ਮਿੰਟ ਦੇ ਨੇੜੇ-ਤੇੜੇ ਅੱਤਵਾਦੀਆਂ ਨੇ ਖਾਨਯਾਰ ਵਿੱਚ ਇਕ ਪੁਲੀਸ ਨਾਕਾ ਪਾਰਟੀ ਤੇ ਗੋਲੀਬਾਰੀ ਕੀਤੀ ਜਿਸ ਵਿੱਚ ਖਾਨਯਾਰ ਪੁਲੀਸ ਥਾਣੇ ਦੇ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਅਰਸ਼ਦ ਅਹਿਮਦ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਅਧਿਕਾਰੀ ਨੂੰ ਇਲਾਜ ਲਈ ਐੱਸ. ਐੱਮ. ਐੱਚ. ਐੱਸ. ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਭਾਲ ਜਾਰੀ ਹੈ।