ਜੈਪੁਰ, 31 ਅਗਸਤ- ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਸਥਿਤ ਸ਼੍ਰੀਬਾਲਾਜੀ ਕੋਲ ਸਵੇਰੇ ਭਿਆਨਕ ਹਾਦਸਾ ਵਾਪਰਿਆ। ਟਰੱਕ ਅਤੇ ਜੀਪ ਦਰਮਿਆਨ ਹੋਈ ਟੱਕਰ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲੀਸ ਅਨੁਸਾਰ ਨੋਖਾ ਬਾਈਪਾਸ ਤੇ ਇਕ ਜੀਪ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਤੋਂ ਬਾਅਦ ਰਾਜਮਾਰਗ ਤੇ ਕਾਫ਼ੀ ਲੰਬਾ ਜਾਮ ਲੱਗ ਗਿਆ।
ਸਾਰੇ ਮ੍ਰਿਤਕ ਅਤੇ ਜ਼ਖਮੀ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਘਟੀਆ ਪੁਲੀਸ ਸਟੇਸ਼ਨ ਦੇ ਪਿੰਡ ਸੱਜਨ ਖੇੜਾ ਅਤੇ ਦੌਲਤਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿੱਚ 8 ਔਰਤਾਂ ਅਤੇ ਤਿੰਨ ਆਦਮੀ ਹਨ। 12 ਸੀਟਰ ਜੀਪ (ਤੂਫ਼ਾਨ) ਵਿੱਚ 18 ਵਿਅਕਤੀ ਸਵਾਰ ਸਨ। ਇਹ ਸਾਰੇ ਰਾਮਦੇਵਰਾ ਵਿੱਚ ਦਰਸ਼ਨ ਕਰਨ ਤੋਂ ਬਾਅਦ ਦੇਸ਼ਨੋਕ ਕਰਨੀ ਮਾਤਾ ਦੇ ਦਰਸ਼ਨ ਕਰ ਕੇ ਮੱਧ ਪ੍ਰਦੇਸ਼ ਵਾਪਸ ਆ ਰਹੇ ਸਨ। ਇਸ ਵਿੱਚ ਨਾਗੌਰ ਵੱਲ ਜਾ ਰਹੇ ਟਰੱਕ ਨੇ ਜੀਪ ਨੂੰ ਟੱਕਰ ਮਾਰ ਦਿੱਤੀ।