ਕਾਨਪੁਰ, 26 ਅਗਸਤ- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਬੇਕਨਗੰਜ ਖੇਤਰ ਵਿੱਚ ਰਜਵੀ ਰੋਡ ਤੇ ਇਕ ਮਕਾਨ ਦੀ ਛੱਤ ਢਹਿਣ ਨਾਲ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਬੇਕਨਗੰਜ ਥਾਣਾ ਖੇਤਰ ਦੇ ਰਜਵੀ ਰੋਡ ਤੇ ਸਥਿਤ ਇਕ ਪੁਰਾਣੇ ਮਕਾਨ ਵਿੱਚ ਮੁਹੰਮਦ ਸ਼ਮੀ ਉਰਫ਼ ਰਾਜੂ ਦਾ ਪਰਿਵਾਰ ਰਹਿੰਦਾ ਹੈ। ਸਵੇਰੇ ਮੀਂਹ ਕਾਰਨ ਮਕਾਨ ਦੀ ਕੱਚੀ ਛੱਤ ਢਹਿ ਗਈ ਜਿਸ ਦੇ ਮਲਬੇ ਹੇਠ ਦੱਬ ਕੇ ਪਰਿਵਾਰ ਦੇ 3 ਵਿਅਕਤੀਆਂ ਦੀ ਮੌਤ ਹੋ ਗਈ।
ਮਰਨ ਵਾਲਿਆਂ ਵਿੱਚ ਸ਼ਮੀ ਦੀ ਪਤਨੀ ਸ਼ਹਾਨਾ ਪਰਵੀਨ (35), ਧੀ ਅਲਸ਼ਿਫਾ (8) ਅਤੇ ਪੁੱਤ ਨੋਮਾਨ (3) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਹਾਨਾ ਅਤੇ ਨੋਮਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਅਲਸ਼ਿਫਾ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਗੰਭੀਰ ਰੂਪ ਨਾਲ ਜ਼ਖਮੀ ਸ਼ਮੀ ਦਾ ਇਲਾਜ ਕੀਤਾ ਜਾ ਰਿਹਾ ਹੈ। ਐਡੀਸ਼ਨਲ ਜ਼ਿਲ੍ਹਾ ਅਧਿਕਾਰੀ ਅਤੁਲ ਕੁਮਾਰ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਤੋਂ ਵਿੱਤੀ ਮਦਦ ਉਪਲੱਬਧ ਕਰਵਾਈ ਜਾਵੇਗੀ।