ਕੈਲੀਫੋਰਨੀਆਂ – ਸੰਯੁਕਤ ਰਾਜ ਅਮਰੀਕਾ ਨੇ ਕੋਰੋਨਾ ਵਾਇਰਸ ਮਹਾਂਮਰੀ ਦੇ ਪ੍ਰਕੋਪ ਨਾਲ ਹੋਣ ਵਾਲਿਆਂ ਮੌਤਾਂ ਦੀ ਇੱਕ ਵੱਡੀ ਗਿਣਤੀ ਨੂੰ ਦਰਜ ਕੀਤਾ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਕੋਰੋਨਾ ਵਾਇਰਸ ਨੇ ਮਹਾਂਮਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਯੁਕਤ ਰਾਜ ਵਿੱਚ 400,000 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਦਕਿ ਵਾਇਰਸ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਲੱਗਭਗ ਇੱਕ ਮਹੀਨਾ ਪਹਿਲਾਂ ਇਹ ਗਿਣਤੀ ਤਕਰੀਬਨ 300,000 ਦਰਜ ਕੀਤੀ ਗਈ ਸੀ ਅਤੇ ਸਿਹਤ ਮਾਹਿਰ ਫਰਵਰੀ ਮਹੀਨੇ ਵਿੱਚ ਕੋਵਿਡ -19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਪੰਜ ਲੱਖ ਤੱਕ ਪਹੁੰਚਣ ਦਾ ਖਦਸ਼ਾ ਪ੍ਰਗਟ ਕਰ ਰਹੇ ਹਨ। ਜੋਨਸ ਹੌਪਕਿਨਜ਼ ਦੇ ਅਨੁਸਾਰ, ਵਿਸ਼ਵ ਵਿਆਪੀ ਪੱਧਰ ’ਤੇ ਵੀ ਕੋਰੋਨਾ ਮੌਤਾਂ ਦੀ ਗਿਣਤੀ ਪਿਛਲੇ ਹਫਤੇ 20 ਲੱਖ ਤੋਂ ਪਾਰ ਹੋ ਗਈ ਹੈ ਅਤੇ ਸੰਯੁਕਤ ਰਾਜ ਅਮਰੀਕਾ ਕੋਰੋਨਾ ਮੌਤਾਂ ਦੀ ਗਿਣਤੀ ਵਿੱਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਪਿਛਲੇ ਕੁੱਝ ਸਮੇਂ ਦੌਰਾਨ ਸੰਯੁਕਤ ਰਾਜ ਵਿੱਚ ਕੋਵਿਡ -19 ਮੌਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਦੇਸ਼ ਨੇ ਇੱਕ ਦਿਨ ਵਿੱਚ ਤਕਰੀਬਨ 3,900 ਮੌਤਾਂ ਦੇ ਰਿਕਾਰਡ ਨੂੰ ਦਰਜ ਕੀਤਾ ਹੈ। ਅਮਰੀਕੀ ਸੰਸਥਾ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ(ਸੀ.ਡੀ.ਸੀ) ਦੀ ਹੋਣ ਵਾਲੀ ਨਿਰਦੇਸ਼ਕ, ਡਾ. ਰਚੇਲ ਵਾਲੇਨਸਕੀ ਅਨੁਸਾਰ ਫਰਵਰੀ ਦੇ ਅੱਧ ਤੱਕ ਦੇਸ਼ ਵਿੱਚ ਹੋਰ ਵੀ ਜ਼ਿਆਦਾ ਮੌਤਾਂ ਹੋਣ ਦਾ ਡਰ ਹੈ। ਇਸਦੇ ਇਲਾਵਾ ਇਸ ਸੰਸਥਾ ਦੇ ਅੰਕੜਿਆਂ ਅਨੁਸਾਰ, ਦਸੰਬਰ ਦੇ ਅੱਧ ਵਿੱਚ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿੱਚ ਕੋਵਿਡ -19 ਟੀਕੇ ਦੀਆਂ ਤਕਰੀਬਨ 12.2 ਮਿਲੀਅਨ ਤੋਂ ਵੱਧ ਖੁਰਾਕਾਂ ਨੂੰ ਲਗਾਇਆ ਗਿਆ ਹੈ।